ਪੰਜਾਬ ‘ਚ 587 ਪਟਵਾਰ ਸਰਕਲ ਖਾਲੀ, ਡੀਸੀ ਵੱਲੋਂ ਸੇਵਾਮੁਕਤ ਪਟਵਾਰੀ ਨਿਯੁਕਤ ਕਰਨ ਦੇ ਹੁਕਮ
ਚੰਡੀਗੜ੍ਹ, 25 ਸਤੰਬਰ (ਰੋਜਾਨਾ ਸਪੋਕਸਮੈਨ)- ਪੰਜਾਬ ਵਿਚ ਸੂਬਾ ਸਰਕਾਰ ਅਤੇ ਪਟਵਾਰੀਆਂ ਦਰਮਿਆਨ ਕੋਈ ਸੁਲ੍ਹਾ ਨਹੀਂ ਹੋ ਸਕੀ। ਨਤੀਜੇ ਵਜੋਂ ਲੋਕਾਂ ਨੂੰ ਮੁਸੀਬਤ ਤੋਂ ਬਚਾਉਣ ਲਈ ਮਾਲ ਮੰਤਰੀ ਬ੍ਰਹਮਾ ਸ਼ੰਕਰ ਜਿੰਪਾ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ (ਡੀ.ਸੀ.) ਨੂੰ ਸੇਵਾਮੁਕਤ ਪਟਵਾਰੀ ਭਰਤੀ ਕਰਨ ਦੇ ਹੁਕਮ ਦਿੱਤੇ ਹਨ। ਇਸ ਸਮੇਂ ਪੰਜ ਸੌ ਦੇ ਕਰੀਬ ਸੇਵਾਮੁਕਤ ਪਟਵਾਰੀ ਕੰਮ ਕਰ ਰਹੇ ਹਨ।
ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਜਿੱਥੇ ਵੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਡੀਸੀ ਨੂੰ ਤੁਰੰਤ ਸੇਵਾਮੁਕਤ ਪਟਵਾਰੀ ਦੀ ਭਰਤੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਕੁੱਲ 1623 ਪਟਵਾਰੀ ਭਰਤੀ ਕੀਤੇ ਗਏ ਹਨ, ਜੋ ਲਗਾਤਾਰ ਕੰਮ ਕਰ ਰਹੇ ਹਨ। ਜਦੋਂ ਕਿ ਇਸ ਸਮੇਂ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਦੀ ਗਿਣਤੀ 587 ਹੈ। ਇਹੀ ਕਾਰਨ ਹੈ ਕਿ ਇਕ ਪਟਵਾਰੀ ਨੂੰ 2-3 ਪਟਵਾਰ ਸਰਕਲਾਂ ਦਾ ਕੰਮ ਸੌਂਪਿਆ ਗਿਆ ਹੈ।
ਪੰਜਾਬ ਸਰਕਾਰ ਨੇ ਹਾਲ ਹੀ ਵਿਚ 1090 ਭਰਤੀ ਉਮੀਦਵਾਰਾਂ ਵਿਚੋਂ 728 ਨੂੰ ਸਿਖਲਾਈ ਉਪਰੰਤ ਨਿਯੁਕਤੀ ਪੱਤਰ ਦਿੱਤੇ ਹਨ। ਇਨ੍ਹਾਂ ਸਾਰੇ 728 ਪਟਵਾਰੀਆਂ ਦੀ ਸਿਖਲਾਈ ਲਈ ਕਰੀਬ ਦੋ ਮਹੀਨੇ ਬਾਕੀ ਹਨ। ਫਿਰ ਅਦਾਲਤ ਦੇ ਹੁਕਮਾਂ ਅਨੁਸਾਰ ਉਹ ਦਸਤਖ਼ਤ ਕਰਨ ਵਾਲੇ ਅਧਿਕਾਰੀ ਵੀ ਬਣ ਜਾਣਗੇ। ਇਸ ਨਾਲ ਪੰਜਾਬ ਦੇ ਪਟਵਾਰਖਾਨਿਆਂ ਵਿਚ ਬਕਾਇਆ ਪਏ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਹਾਲ ਹੀ ਵਿਚ ਭਰਤੀ ਕੀਤੇ ਗਏ 728 ਪਟਵਾਰੀਆਂ ਵਿਚੋਂ 12 ਦੀ ਭਰਤੀ ਪਟਵਾਰੀ ਤਰਸ ਦੇ ਆਧਾਰ ’ਤੇ ਕੀਤੀ ਗਈ ਹੈ। ਬਾਕੀ ਰਹਿੰਦੇ 710 ਪਟਵਾਰੀਆਂ ਵਿਚੋਂ 677 ਨੂੰ ਵੀ ਪ੍ਰੀਖਿਆ ਤੋਂ ਬਾਅਦ ਜ਼ਿਲ੍ਹੇ ਅਲਾਟ ਕਰ ਦਿੱਤੇ ਗਏ ਹਨ।
ਇਸ ਸਮੇਂ ਪੰਜਾਬ ਵਿੱਚ 550 ਦੇ ਕਰੀਬ ਸੇਵਾਮੁਕਤ ਪਟਵਾਰੀ ਕੰਮ ਕਰ ਰਹੇ ਹਨ। ਇਹ ਸਾਰੇ 2-3 ਸਰਕਲਾਂ ਦਾ ਕੰਮ ਸੰਭਾਲ ਰਹੇ ਹਨ। ਜਿਨ੍ਹਾਂ ਜ਼ਿਲ੍ਹਿਆਂ ਵਿਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਵਿਚ ਡੀਸੀ ਸੇਵਾਮੁਕਤ ਪਟਵਾਰੀਆਂ ਦੀ ਨਿਯੁਕਤੀ ਕਰਕੇ ਸੁਚਾਰੂ ਪ੍ਰਬੰਧ ਕਰਨ ਦਾ ਕੰਮ ਕਰ ਰਹੇ ਹਨ। ਸੇਵਾਮੁਕਤ ਪਟਵਾਰੀਆਂ ਨੂੰ ਪਹਿਲਾਂ 25 ਹਜ਼ਾਰ ਰੁਪਏ ਤਨਖ਼ਾਹ ਸਕੇਲ ਦਿੱਤਾ ਜਾ ਰਿਹਾ ਸੀ ਪਰ ਹੁਣ ਉਨ੍ਹਾਂ ਨੂੰ 35 ਹਜ਼ਾਰ ਰੁਪਏ ਤਨਖ਼ਾਹ ਸਕੇਲ ਦਿੱਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨਾਲ ਪੈਦਾ ਹੋਏ ਵਿਵਾਦ ਵਿਚ ਜਲੰਧਰ ਅਤੇ ਅੰਮ੍ਰਿਤਸਰ ਦੇ 19 ਪਟਵਾਰੀਆਂ ਨੇ ਨੌਕਰੀਆਂ ਛੱਡਣ ਦਾ ਐਲਾਨ ਕਰ ਦਿੱਤਾ ਹੈ। ਜਲੰਧਰ ਦੇ ਡੀਸੀ ਵੱਲੋਂ 61 ਪਟਵਾਰੀਆਂ ਨੂੰ ਵਾਧੂ ਚਾਰਜ ਵੀ ਦਿੱਤਾ ਗਿਆ, ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮਾਮਲੇ ਵਿਚ ਸੂਬਾ ਸਰਕਾਰ ਨੇ 19 ਪਟਵਾਰੀਆਂ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਪਏ ਪਟਵਾਰ ਸਰਕਲ ਨੂੰ ਚਲਾਉਣ ਲਈ ਸੇਵਾਮੁਕਤ ਮੁਲਾਜ਼ਮਾਂ ਨੂੰ ਠੇਕੇ ’ਤੇ ਰੱਖ ਲਿਆ ਹੈ।
ਜ਼ਿਕਰਯੋਗ ਹੈ ਕਿ ਅਸਤੀਫ਼ਾ ਦੇਣ ਵਾਲੇ ਪਟਵਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਐਸਮਾ ਐਕਟ ਲਾਗੂ ਕਰਨ ਦੇ ਫ਼ੈਸਲੇ ਅਤੇ ਮੁੱਖ ਮੰਤਰੀ ਵੱਲੋਂ ਪਟਵਾਰੀਆਂ-ਕਾਨੂੰਨੀਆਂ ਨੂੰ ਭ੍ਰਿਸ਼ਟ ਕਹਿਣ ਦੇ ਵਿਰੋਧ ਵਿਚ ਨੌਕਰੀ ਛੱਡ ਦਿੱਤੀ ਸੀ। ਇਸ ਦੇ ਨਾਲ ਹੀ ਪਟਵਾਰ ਯੂਨੀਅਨ ਅਨੁਸਾਰ ਜਲੰਧਰ ਦੇ 17 ਪਟਵਾਰ ਸਰਕਲਾਂ ਅਤੇ ਅੰਮ੍ਰਿਤਸਰ ਦੇ ਦੋ ਪਟਵਾਰ ਸਰਕਲਾਂ ਦੇ ਸੇਵਾਮੁਕਤ ਪਟਵਾਰੀਆਂ ਨੇ ਠੇਕੇ ‘ਤੇ ਕੰਮ ਕਰਨ ਤੋਂ ਇਨਕਾਰ ਕਰਦੇ ਹੋਏ ਆਪਣੇ ਅਸਤੀਫ਼ੇ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤੇ ਸਨ।