ਪੰਜਾਬ ਦੀ 35ਵੀਂ ‘ਕੌਮੀ ਕਿਸਾਨ ਯੂਨੀਅਨ’ ਦੇ ਬਿੰਦਰ ਸਿੰਘ ਗੋਲੇਵਾਲਾ ਬਣੇ ਪੰਜਾਬ ਪ੍ਰਧਾਨ
ਨਵੀਂ ਕਿਸਾਨ ਯੂਨੀਅਨ ਦੇ ਹੱਕ ’ਚ ਨਿੱਤਰਿਆ ਅੱਧਾ ਪੰਜਾਬ
ਕਿਸਾਨਾਂ ਦੀਆਂ ਹੱਕੀ ’ਤੇ ਜਾਇਜ ਮੰਗਾਂ ਲਈ ਅਵਾਜ ਕਰਾਂਗੇ ਬੁਲੰਦ : ਬਿੰਦਰ ਸਿੰਘ ਗੋਲੇਵਾਲਾ
ਫਰੀਦਕੋਟ, 26 ਮਾਰਚ :- ( ਸਤੀਸ਼ ਕੁਮਾਰ ) ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚੋ ਫਰੀਦਕੋਟ ਦੀ ਅਨਾਜ ਮੰਡੀ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਅੱਜ ਕਿਸਾਨੀ ਹਿੱਤਾ ਦੀ ਪੂਰਤੀ ਲਈ ਪੰਜਾਬ ਦੀ 35ਵੀਂ ‘ਕੌਮੀ ਕਿਸਾਨ ਯੂਨੀਅਨ’ ਦਾ ਗਠਨ ਕਰਦਿਆਂ ਬਿੰਦਰ ਸਿੰਘ ਗੋਲੇਵਾਲਾ ਨੂੰ ਸਰਵਸੰਮਤੀ ਨਾਲ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਤਾਂ ਜੋ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਕਿਸਾਨਾਂ ਦੀਆਂ ਅਣਗੋਲੀਆਂ ਮੰਗਾਂ ਨੂੰ ਵੱਡੇ ਪੱਧਰ ’ਤੇ ਉਠਾਇਆ ਜਾ ਸਕੇ। ਇਸ ਮੌਕੇ ਪੰਜਾਬ ਦੇ ਜਿਲਾ ਫਰੀਦਕੋਟ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਾਜਿਲਕਾ, ਫਿਰੋਜਪੁਰ, ਲੁਧਿਆਣਾ, ਮੋਗਾ, ਬਠਿੰਡਾ ਤੋਂ ਇਲਾਵਾ ਹੋਰਨਾ ਜਿਲਿਆਂ ਵਿਚੋਂ ਵੱਡੀ ਗਿਣਤੀ ’ਚ ਸਥਾਨਕ ਅਨਾਜ ਮੰਡੀ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਇਕਜੁੱਟ ਹੋ ਕੇ ਨਵੀਂ ਕਿਸਾਨ ਜੱਥੇਬੰਦੀ ‘ਕੌਮੀ ਕਿਸਾਨ ਯੂਨੀਅਨ’ ਦਾ ਐਲਾਨ ਕਰਦਿਆਂ ਬਿੰਦਰ ਸਿੰਘ ਗੋਲੇਵਾਲਾ ਨੂੰ ਜਿਓ ਹੀ ਸੂਬਾ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ ਤਾਂ ਮਾਲਵੇ ਦੇ ਜਿਲਾ ਫਰੀਦਕੋਟ ਅੰਦਰ ਕਿਸਾਨ ਬਾਗੋ-ਬਾਗ ਦਿਖਾਈ ਦਿੱਤੇ ਅਤੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਕੱਠੇ ਹੋਏ ਅੱਧੇ ਪੰਜਾਬ ਦੇ ਕਿਸਾਨਾਂ ਨੇ ਕਿਹਾ ਕਿ ਕਿਸਾਨੀ ਹਿੱਤਾ ਲਈ ਘੋਲ ਕਰਨ ਵਾਲੀ ਕਿਸਾਨ ਯੂਨੀਅਨ ਦੀ ਅਹਿਮ ਲੋੜ ਸੀ ਜਿਸਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਰੇਕ ਜਿਲੇ ਵਿੱਚ ਯੂਨੀਅਨ ਨੂੰ ਮਜਬੂਤ ਕਰਨ ਲਈ ਮੈਂਬਰਸ਼ਿਪ ਸੁਰੂ ਕੀਤੀ ਜਾਵੇਗੀ ਤਾਂ ਜੋ ਇਕਜੁੱਟ ਹੋ ਕੇ ਪੰਜਾਬ ਦੇ ਕਿਸਾਨਾਂ ਦੀਆਂ ਅਣਗੋਲੀਆਂ ਮੰਗਾਂ ਨੂੰ ਕੇਂਦਰ ਸਰਕਾਰ ਦੇ ਸਨਮੁੱਖ ਕੀਤਾ ਜਾ ਸਕੇ। ਇਸ ਮੌਕੇ ‘ਕੌਮੀ ਕਿਸਾਨ ਯੂਨੀਅਨ’ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਕਿਸਾਨ ਜੱਥੇਬੰਦੀਆਂ ’ਚ ਰੱਲ ਕੇ ਕਿਸਾਨਾਂ ਦੇ ਹੱਕਾਂ ਦੀ ਅਵਾਜ ਬੁਲੰਦ ਕਰਦੇ ਰਹੇ ਹਨ। ਉਨਾਂ ਕਿਹਾ ਕਿ ਲੰਮਾ ਸਮਾਂ ਪਹਿਲਾ ਉਹ ਇਕਾਈ ਪ੍ਰਧਾਨ ਬਣੇ ਸਨ ਅਤੇ ਫਿਰ ਜਿਲਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਸਮੇਂ ਸਮੇਂ ’ਤੇ ਕਿਸਾਨੀ ਸੰਘਰਸ਼ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਹਨ ਪ੍ਰੰਤੂ ਪਿਛਲੇ ਸਮੇਂ ਦੌਰਾਨ ਜਦ ਕਿਸਾਨ ਜੱਥੇਬੰਦੀ ਵੱਲੋਂ ਸਿਆਸਤ ’ਚ ਆਉਣ ਅਤੇ ਵਿਧਾਨ ਸਭਾ ਦੀਆਂ ਚੋਣਾਂ ਲੜਨ ਦੀ ਗੱਲ ਚੱਲੀ ਤਾਂ ਉਨਾਂ ਨੇ ਬੀ.ਕੇ.ਯੂ.ਰਾਜੇਵਾਲ ਜੱਥੇਬੰਦੀ ਨਾਲੋ ਨਾਤਾ ਤੋੜ ਲਿਆ ਕਿਉਂਕਿ ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜਿਲੇ ਸਿਆਸਤ ’ਚ ਆਉਣ ਤੋਂ ਖਫਾ ਸਨ ਜਿਸ ਤੋਂ ਬਾਅਦ ਪੰਜਾਬ ਦੇ ਹੋਰਨਾ ਜਿਲਿਆਂ ਦੇ ਅਹੁੱਦੇਦਾਰਾਂ ਨਾਲ ਗੱਲਬਾਤ ਕਰਕੇ ਨਵੀਂ ਯੂਨੀਅਨ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਦੱਬੇ-ਕੁਚਲੇ ਕਿਸਾਨ ਵੀਰਾਂ ਦੀ ਅਵਾਜ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਜਾ ਸਕੇ। ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਪੰਜਾਬ ਦੇ ਹਰ ਇੱਕ ਜਿਲੇ ਵਿੱਚ ਇਕਾਈ, ਬਲਾਕ, ਜੋਨ ਅਤੇ ਪੰਜਾਬ ਪੱਧਰੀ ਟੀਮ ਦਾ ਗਠਨ ਕੀਤਾ ਜਾਵੇਗਾ ਜਿਸ ਤੋਂ ਬਾਅਦ ਪੜਾਅ ਦਰ ਪੜਾਅ ਕਿਸਾਨਾਂ ਦੀਆਂ ਮੰਗਾ ਅਤੇ ਗੰਭੀਰ ਮੁੱਦਿਆਂ ਤੇ ਅਵਾਜ ਬੁਲੰਦ ਕੀਤੀ ਜਾਵੇਗੀ ਤਾਂ ਜੋ ਆਰਥਿਕ ਤੰਗੀਆਂ ਝੱਲ ਰਹੇ ਕਿਸਾਨਾਂ ਨੂੰ ਰਾਹਤ ਮਿਲ ਸਕੇ। ਉਨਾਂ ਕਿਹਾ ਕਿ ਅੱਜ ਅੱਧੇ ਪੰਜਾਬ ਦੇ ਕਿਸਾਨ ਨਵੀਂ ਕਿਸਾਨ ਯੂਨੀਅਨ ’ਚ ਰਲੇ ਹਨ ਅਤੇ ਬਹੁਤ ਜੱਲਦ ਰਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਨਾਲ ਲੈ ਕੇ ਵੱਡੇ ਪੱਧਰ ’ਤੇ ਯੂਨੀਅਨ ਨੂੰ ਮਜਬੂਤ ਕਰਨ ਲਈ ਸਹਿਰ-ਸਹਿਰ, ਪਿੰਡ-ਪਿੰਡ ਟੀਮਾਂ ਦਾ ਗਠਨ ਕੀਤਾ ਜਾਵੇਗਾ। ਇਸ ਮੌਕੇ ਇਕਜੁੱਟ ਹੋਏ ਕਿਸਾਨਾਂ ਨੇ ‘ਕੌਮੀ ਕਿਸਾਨ ਯੂਨੀਅਨ’ ਦਾ ਬੈਨਰ ਅਤੇ ਝੰਡੇ ਸਮੇਤ ਸਟੀਕਰ ਵੀ ਜਾਰੀ ਕੀਤੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਚੜ ਕੇ ਕੌਮੀ ਕਿਸਾਨ ਯੂਨੀਅਨ ਦਾ ਹਿੱਸਾ ਬਣੋ ਤਾਂ ਜੋ ਨਿਗਾਰ ਵੱਲ ਜਾ ਰਹੀ ਕਿਸਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਬਾਬਾ ਫਰੀਦ ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਅਤੇ ਭਾਈ ਘਨੱਈਆਂ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਵੀ ਹਾਜਰ ਸਨ।
ਫੋਟੋ ਐਫਡੀਕੇ 1 : 35ਵੀਂ ‘ਕੌਮੀ ਕਿਸਾਨ ਯੂਨੀਅਨ ’ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਜਾਣਕਾਰੀ ਦਿੰਦੇ ਹੋਏ।
ਫੋਟੋ ਐਫਡੀਕੇ 01 : ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚੋਂ ਵੱਡੀ ਗਿਣਤੀ ’ਚ ਪਹੁੰਚੇ ਕਿਸਾਨਾਂ ਦੀ ਤਸਵੀਰ।
ਫੋਟੋ ਐਫਡੀਕੇ 001 : ਬਿੰਦਰ ਸਿੰਘ ਗੋਲੇਵਾਲਾ ਦੇ ਨਾਲ ਮਹੀਪ ਇੰਦਰ ਸਿੰਘ ਦੀ ਤਸਵੀਰ।