ਪੰਜਾਬ ਦੇ 2026 ਸੀਨੀ: ਸੈਕੰ: ਸਕੂਲਾਂ ਚੋਂ 1800 ਸਕੂਲਾਂ ਦੇ ਵਿਦਿਆਰਥੀ ਜੌਗਰਫ਼ੀ ਵਿਸ਼ੇ ਦੀ ਪੜ੍ਹਾਈ ਤੋਂ ਵਾਂਝੇ: ਸੂਬਾ ਪ੍ਰਧਾਨ ਸੁੱਖੀ
ਚੰਡੀਗੜ੍ਹ ,8 ਮਈ (ਬਾਬੂਸ਼ਾਹੀ)- ਪੰਜਾਬ ਦੇ ਲਗਭਗ 1800 ਸੀਨੀ: ਸੈਕੰ: ਸਕੂਲਾਂ ਦੇ ਜੌਗਰਫ਼ੀ ਵਿਸ਼ੇ ਦੀ ਪੜ੍ਹਾਈ ਤੋਂ ਵਾਂਝੇ ਚੱਲ ਰਹੇ ਵਿਦਿਆਰਥੀਆਂ ਲਈ ਜੌਗਰਫ਼ੀ ਲੈਕਚਰਾਰਾਂ ਦਾ ਪ੍ਰਬੰਧ ਕਰਨ, ਪੰਜਾਬ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਜੌਗਰਫ਼ੀ ਲੈਕਚਰਾਰਾਂ ਦੀਆਂ ਮੰਨਜ਼ੂਰਸ਼ੁਦਾ 357 ਸਾਰੀਆਂ ਆਸਾਮੀਆਂ ਨੂੰ ਈ-ਪੰਜਾਬ ਪੋਟਰਲ ‘ਤੇ ਦਰਸਾਉਣ, ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਲਾਗੂ ਕਰਨ, ਪਦ-ਉੱਨਤੀਆਂ ਅਤੇ ਸਿੱਧੀ ਭਰਤੀ ਰਾਹੀਂ ਆਸਾਮੀਆਂ ਨੂੰ ਭਰਨ, ਭੂਗੋਲ (ਜੌਗਰਫ਼ੀ) ਵਿਸ਼ੇ ਦੀ ਲੈਬ ਸਕੂਲਾਂ ਵਿੱਚ ਸਥਾਪਿਤ ਕਰਨ ਅਤੇ ਅਪਗ੍ਰੇਡ ਕੀਤੇ 117 ‘ਐਮੀਨੈੱਸ’ ਤੇ ‘ਪੀ.ਐੱਮ.ਸ਼੍ਰੀ’ ਸੀਨੀਅਰ ਸੈਕੰਡਰੀ ਸਕੂਲਾਂ ਲਈ ਜੌਗਰਫ਼ੀ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਰਚਨਾ ਕਰਨ ਦੇ ਮੁੱਦੇ ਨੂੰ ਲੈ ਕੇ ਜੌਗਰਫੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਪ੍ਰਮੁੱਖ ਸਿੱਖਿਆ ਸਕੱਤਰ ਪੰਜਾਬ ਸਰਕਾਰ ਸ਼੍ਰੀਮਤੀ ਜਸਪ੍ਰੀਤ ਤਲਵਾੜ ਅਤੇ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਤੇਜਦੀਪ ਸਿੰਘ ਸੈਣੀ ਨੂੰ ਰਜਿਸਟਰਡ ਤੇ ਈ-ਮੇਲ ਰਾਹੀਂ ਪੱਤਰ ਭੇਜੇ ਹਨ। ਜੱਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ, ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ ਨੇ ਪ੍ਰੈੱਸ ਨੂੰ ਦੱਸਿਆ ਕਿ ਮੌਜ਼ੂਦਾ ਸਮੇਂ ਪੰਜਾਬ ਦੇ ਕੁੱਲ 2026 ਸੀਨੀ: ਸੈਕੰ: ਸਕੂਲਾਂ ਲਈ ਲੈਕਚਰਾਰਾਂ ਦੀਆਂ ਕੁੱਲ ਮੰਨਜ਼ੂਰਸ਼ੁਦਾ 13252 ਆਸਾਮੀਆਂ ਵਿੱਚੋਂ ਜੌਗਰਫ਼ੀ ਦੀਆਂ ਕੇਵਲ 357 ਆਸਾਮੀਆਂ ਹੀ ਮੰਨਜ਼ੂਰ ਹਨ l ਜਿੰਨ੍ਹਾਂ ਵਿੱਚੋਂ ਖਾਲੀ ਪਈਆਂ 130 ਆਸਾਮੀਆਂ ਨੂੰ ਸਿੱਖਿਆ ਵਿਭਾਗ ਪੰਜਾਬ ਦੇ ਈ-ਪੰਜਾਬ ਪੋਰਟਲ ‘ਤੇ ਦਰਸਾਇਆ ਹੀ ਨਹੀਂ ਜਾਂਦਾ। ਜਿਸ ਕਰਕੇ 1800 ਸਕੂਲਾਂ ਦੇ ਵਿਦਿਆਰਥੀ ਇਸ ਵਿਸ਼ੇ ਦੀ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ। ਉਹਨਾਂ ਦੱਸਿਆ ਕਿ 2016 ਵਿੱਚ ਅਪਗ੍ਰੇਡ ਕੀਤੇ ਸਕੂਲਾਂ ਵਿੱਚ 2018 ਵਿੱਚ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਰਚਨਾ ਕੀਤੀ ਗਈ ਸੀ, ਉਦੋਂ ਲੈ ਕੇ ਹੀ ਅੱਜ ਤੱਕ ਇਹਨਾਂ ਆਸਾਮੀਆਂ ਨੂੰ ਪੋਰਟਲ ਉੱਪਰ ਦਿਖਾਇਆ ਹੀ ਨਹੀਂ ਗਿਆ।