ਪੰਜਾਬ ਦੇ GST ਕੁਲੈਕਸ਼ਨ ਵਿਚ ਹਰ ਮਹੀਨੇ 276 ਕਰੋੜ ਰੁਪਏ ਦਾ ਵਾਧਾ; ਪਹਿਲੀ ਛਿਮਾਹੀ ‘ਚ 10 ਹਜ਼ਾਰ ਕਰੋੜ ਦਾ ਅੰਕੜਾ ਪਾਰ
ਚੰਡੀਗੜ੍ਹ, 3 ਅਕਤੂਬਰ (ਰੋਜਾਨਾ ਸਪੋਕਸਮੈਨ)- ਜੀਐਸਟੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਨੇ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ 10 ਹਜ਼ਾਰ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰਦੇ ਹੋਏ 10869 ਕਰੋੜ ਰੁਪਏ ਦਾ ਜੀਐਸਟੀ ਕੁਲੈਕਸ਼ਨ ਹਾਸਲ ਕੀਤਾ ਹੈ। ਪੰਜਾਬ ਨੇ 276 ਕਰੋੜ ਰੁਪਏ ਦੇ ਵਾਧੇ ਨਾਲ ਹਰ ਮਹੀਨੇ 1812 ਕਰੋੜ ਰੁਪਏ ਦਾ ਜੀਐਸਟੀ ਹਾਸਲ ਕੀਤਾ ਹੈ ਜਦਕਿ ਪਿਛਲੇ ਸਾਲ ਪੰਜਾਬ ਨੇ ਹਰ ਮਹੀਨੇ ਔਸਤਨ 1536 ਕਰੋੜ ਰੁਪਏ ਦਾ ਜੀਐਸਟੀ ਇਕੱਠਾ ਕੀਤਾ ਸੀ।
ਪਿਛਲੇ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿਚ ਪੰਜਾਬ ਨੇ ਸਿਰਫ਼ 9215 ਕਰੋੜ ਰੁਪਏ ਦੀ ਜੀਐਸਟੀ ਵਸੂਲੀ ਹਾਸਲ ਕੀਤੀ ਸੀ। ਪੰਜਾਬ ਨੇ ਪਿਛਲੇ ਸਾਲ ਨਾਲੋਂ ਪਹਿਲੀ ਛਿਮਾਹੀ ਵਿਚ 18 ਫ਼ੀ ਸਦੀ ਵੱਧ ਜੀਐਸਟੀ ਵਸੂਲਿਆ ਹੈ। ਸਤੰਬਰ ਮਹੀਨੇ ‘ਚ ਹੀ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ 9 ਫ਼ੀ ਸਦੀ ਵਧੀ ਹੈ। ਇਸ ਸਾਲ ਸਤੰਬਰ ਵਿਚ ਜੀਐਸਟੀ ਕੁਲੈਕਸ਼ਨ 1,866 ਕਰੋੜ ਰੁਪਏ ਰਿਹਾ ਜਦਕਿ ਪਿਛਲੇ ਸਾਲ ਇਸੇ ਮਹੀਨੇ ਵਿਚ ਜੀਐਸਟੀ ਕੁਲੈਕਸ਼ਨ 1,710 ਕਰੋੜ ਰੁਪਏ ਸੀ।