ਪੰਜਾਬ ਨੂੰ ਪੰਜਾਬ ਹੀ ਰਹਿਣ ਦਿਉ ਜੀ ਦਿੱਲੀ ਮਾਡਲ ਨਾ ਬਣਾਉ – ਰਵੀਇੰਦਰ ਸਿੰਘ
ਚੰਡੀਗੜ, 27 ਅਪ੍ਰੈਲ – (ਪੰਜਾਬ ਡਾਇਰੀ) ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਖਾਦ ਦੀਆਂ ਕੀਮਤਾਂ ਵਧਾਉਣ ਦੀ ਤਿੱਖੀ ਅਲੋਚਨਾਂ ਕਰਦਿਆਂ ਕਿਹਾ ਕਿ ਖੇਤੀ ਕਾਰੋਬਾਰ ਪਹਿਲਾਂ ਹੀ
ਮੁਸ਼ਕਲ ਸਥਿੱਤੀ ਦਾ ਸਾਹਮਣਾ ਕਰ ਰਿਹਾ ਹੈ ਪਰ ਕਿਸਾਨ ਨੂੰ ਰਾਹਤ ਦੇਣ ਦੀ ਥਾਂ,ਉਸ ਉਪਰ ਅਸਹਿ ਬੋਝ ਲੱਦਿਆ ਜਾ ਰਿਹਾ ਹੈ।ਸਾਬਕਾ ਸਪੀਕਰ ਮੁਤਾਬਕ,ਸਤਾਧਾਰੀ ,ਖੇਤੀ ਸੈਕਟਰ ਪ੍ਰਤੀ ਠੋਸ ਤੇ ਰਾਹਤ ਭਰੀ ਕੋਈ ਵੀ ,ਨੀਤੀ ਨਹੀਂ ਘੜ ਰਹੇ।ਦੇਸ਼ ਦਾ 70 ਫੀਸਦੀ ਤੋਂ ਵੱਧ ਇਲਾਕਾ ਖੇਤੀ ਤੇ ਨਿਰਭਰ ਹੈ।ਮੁੱਲਕ ਦਾ ਕਿਸਾਨ ਘੱਟੋ-ਘੱਟ ,ਫਸਲਾਂ ਦੀ ਖਰੀਦ ਤੇ ਸਮਰਥਨ ਮੁੱਲ ਮੰਗ ਰਿਹਾ ਹੈ।ਸਵਾਮੀਂਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਕਿਸਾਨ ਸੰਗਠਨ ਮੰਗ ਰਹੇ ਹਨ।ਉਨਾਂ ਪੰਜਾਬ ਸਰਕਾਰ ਤੇ ਜ਼ੋਰ ਦਿੱਤਾ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਕਿਸਾਨ ਨੂੰ ਉਚ ਮਿਆਰੀ ਵਸਤਾਂ ਮਿਲ ਸਕਣ।ਉਨਾਂ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਕੀ ਉਹ “ ਦਿੱਲੀ ਮਾਡਲ ” ਤੋਂ ਅਨਜਾਨ ਹਨ ਜੋ ਉਥੋਂ ਦੀ ਸਿੱਖਿਆ ਤੇ ਸਿਹਤ ਪ੍ਰਣਾਲੀ ਅਪਣਾਉਣ ਲਈ ਕੇਜ਼ਰੀਵਾਲ ਕੋਲ ਦਿੱਲੀ ਗਏ ਹਨ? ਅਕਾਲੀ ਦਲ 1920 ਦੇ ਪ੍ਰਧਾਨ ਨੇ ਕਿਹਾ ਕਿ ਭਗਵੰਤ ਮਾਨ ਤੇ ਆਪ ਦੀ ਛੋਟੀ ਵੱਡੀ ਲੀਡਰਸ਼ਿਪ ਕਈ ਸਾਲਾਂ ਤੋਂ ਇਸ ਮਾਡਲ ਦਾ ਪ੍ਰਚਾਰ ਚੋਣਾਂ ਵਿਚ ਕਰ ਚੁੱਕੇ ਹਨ।ਭਗਵੰਤ ਮਾਨ 9 ਸਾਲ ਸੰਸਦ ਵਿਚ 2013 ਤੋਂ ਮੁੱਖ ਮੰਤਰੀ ਬਣਨ ਤੱਕ ਰਹੇ ਹਨ ਤੇ ਸਭ ਕੁਝ ਜਾਣਦੇ ਹਨ ਪਰ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।ਪੰਜਾਬ ਦਾ ਹਰ ਵਰਗ ,ਇਸ ਮਾਡਲ ਦੀਆਂ ਸਿਫਤਾਂ ਸੁਣ ਸੁਣ ਥੱਕ ਗਿਆ ਹੈ ਤੇ ਉਹ ਕੀਤੇ ਵਾਅਦੇ ਲਾਗੂ ਕਰਵਾਉਣ ਦੀ ਮੰਗ ਕਰ ਰਿਹਾ ਹੈ।ਪਰ ਮੁੱਖ ਮੰਤਰੀ ਘੜੀ ਮੁੜੀ ,ਇੱਕ ਹੀ ਮੱਸਲੇ ਨੂੰ ਦੁਹਰਾਉਣ ਲਈ ਬਿਆਨਬਾਜੀ ਕਰ ਰਹੇ ਹਨ।ਉਨਾਂ ਪੰਜਾਬੀ ਜ਼ਬਾਨ ਨੂੰ ਮਾਨ-ਸਨਮਾਨ ਦਵਾਉਣ ਵੱਲ, ਮੁੱਖ ਮੰਤਰੀ ਭਗਵੰਤ ਮਾਨ ਦਾ ਧਿਆਨ ਕੇਂਦਰਤ ਕਰਦਿਆਂ ਕਿਹਾ ਕਿ ਉਹ ਮਾਤ-ਭਾਸ਼ਾ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਪਸ਼ਟ ਆਦੇਸ਼ ਜਾਰੀ ਕਰਨ।