ਪੰਜਾਬ ਬਣਿਆ ‘ਗੈਂਗਲੈਂਡ’, ਇੱਕ ਹਫਤੇ ‘ਚ ਦੋ ਅਕਾਲੀ ਵਰਕਰਾਂ ਦੇ ਘਰੇ ਫਾਇਰਿੰਗ
ਸਮਰਾਲਾ, 28 ਅਪ੍ਰੈਲ:- (ਪੰਜਾਬ ਡਾਇਰੀ) ਗੈਂਗ ਵਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਮੌਜੂਦਾ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਵੀ ਇਸ ਨੂੰ ਠੱਲ ਪਾਉਣ ਲਈ ਹਰ ਹੀਲਾ-ਵਸੀਲਾ ਅਪਣਾਇਆ ਜਾ ਰਿਹਾ ਹੈ ਪਰ ਕੁਝ ਕੰਮ ਨਹੀਂ ਆ ਰਿਹਾ। ਤਾਜ਼ੀ ਖ਼ਬਰ ਬੀਤੀ ਰਾਤ 2 ਵਜੇ ਦੀ ਹੈ ਜਦੋਂ ਸਮਰਾਲਾ ‘ਚ ‘ਆਪ’ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਪਿੰਡ ਦਿਆਲਪੁਰਾ ‘ਚ ਹੀ ਅਕਾਲੀ ਵਰਕਰ ਸੰਦੀਪ ਸਿੰਘ ਦੇ ਘਰ ‘ਤੇ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ। ਸੂਤਰਾਂ ਦੀ ਮੰਨੀਏ ਤਾਂ ਇਸ ਹਮਲੇ ਤੋਂ ਬਾਅਦ ਖ਼ੁਦ ਆਪ ਵਿਧਾਇਕ ਵੀ ਸਵਾਲਾਂ ਦੇ ਘੇਰੇ ‘ਚ ਹਨ। ਇਸ ਘਟਨਾ ‘ਚ ਹਮਲਾਵਰਾਂ ਨੇ ਪਹਿਲਾਂ ਤਾਂ ਘਰ ਦੇ ਅੰਦਰ ਖੜ੍ਹੀ ਕਾਰ ‘ਤੇ ਕਈ ਗੋਲੀਆਂ ਚਲਾਈਆਂ ਅਤੇ ਬਾਅਦ ਵਿਚ ਅਕਾਲੀ ਆਗੂ ਦੇ ਘਰ ਦੇ ਗੇਟ ‘ਤੇ ਵੀ 5-6 ਰਾਊਂਡ ਫਾਇਰ ਕੀਤੇ। ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ ਸਮਰਾਲਾ ਸ਼ਹਿਰ ਦੇ ਰਹਿਣ ਵਾਲੇ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਗੋਸ਼ਲ ਦੇ ਘਰ ਵੀ ਰਾਤ ਸਮੇਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਹੁਣ ਅਕਾਲੀ ਆਗੂ ਸੰਦੀਪ ਸਿੰਘ ਦੇ ਘਰੇ ਗੋਲੀਬਾਰੀ ਹੋਈ ਹੈ ਤੇ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਉਣ ਦੀ ਜਾਣਕਾਰੀ ਹਾਸਿਲ ਹੋਈ ਹੈ। ਦੂਜੇ ਪਾਸੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਇਸ ਘਟਨਾ ਤੋਂ ਬਾਅਦ ਉੱਚ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਇੱਕ ਹਫ਼ਤੇ ਅੰਦਰ ਦੋ ਹਲਕਾ ਇੰਚਾਰਜਾਂ ਦੇ ਘਰਾਂ ’ਤੇ ਗੋਲੀ ਚਲਾਉਣ ਦੀ ਇਹ ਦੂਜੀ ਘਟਨਾ ਹੈ। ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਪੁਲਿਸ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਅਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਅਕਾਲੀ ਵਰਕਰ ਪੰਜਾਬ ਭਰ ਵਿਚ ਸੜਕਾਂ ‘ਤੇ ਉੱਤਰ ਕੇ ਵੱਡਾ ਧਰਨਾ ਦੇਣਗੇ।

ਪੰਜਾਬ ਬਣਿਆ ‘ਗੈਂਗਲੈਂਡ’, ਇੱਕ ਹਫਤੇ ‘ਚ ਦੋ ਅਕਾਲੀ ਵਰਕਰਾਂ ਦੇ ਘਰੇ ਫਾਇਰਿੰਗ
next post