ਫਰੀਦਕੋਟ , 27 ਮਈ – ( ਪੰਜਾਬ ਡਾਇਰੀ ) ਜਿਲ੍ਹਾ ਫਰੀਦਕੋਟ ਨਾਲ ਸਬੰਧਤ ਅਰਜੀਆਂ ਦਾ ਮੌਕੇ ਤੇ ਨਿਪਟਾਰਾ ਕਰਨ ਦੇ ਮਕਸਦ ਨਾਲ ਮੈਂਬਰ ਅਨੁਸੂਚਿਤ ਜਾਤੀਆਂ ਕਮਿਸ਼ਨ ਮਿਸ ਪਰਮਿਲਾ ਵੱਲੋਂ ਜਿਲ੍ਹਾ ਫਰੀਦਕੋਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮੈਂਬਰ ਵੱਲੋ ਅਸ਼ੋਕ ਚੱਕਰ ਹਾਲ ਵਿੱਚ ਵੱਖ-ਵੱਖ ਸ਼ਿਕਾਇਤ ਕਰਤਾਵਾ ਦੀਆਂ ਲਿਖਤੀ ਸ਼ਿਕਾਇਤਾਂ ਪ੍ਰਾਪਤ ਕੀਤੀਆਂ, ਹਾਜ਼ਰ ਗਵਾਹਾਂ ਨੂੰ ਸੁਣਿਆ ਅਤੇ ਮੌਕੇ ਤੇ ਹਾਜ਼ਰ ਪੁਲਿਸ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ।
ਮੈਂਬਰ ਅਨੁਸੂਚਿਤ ਜਾਤੀਆਂ ਕਮਿਸ਼ਨ ਮਿਸ ਪਰਮਿਲਾ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਅਨੁਸੂਚਿਤ ਜਾਤੀਆਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਂਰ ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਪ੍ਰੈਸ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਪਰਮਿਲਾ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਨਾਲ ਹੋਣ ਵਾਲੀਆਂ ਵਧੀਕੀਆਂ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਸ਼ਿਕਾਇਤਾਂ ਦੀ ਪੜਤਾਲ ਕਰਨ ਉਪਰੰਤ ਲੋੜੀਂਦੀ ਕਾਰਵਾਈ ਕਰਨ ਹਿੱਤ ਪੁਲਿਸ ਵਿਭਾਗ ਨੂੰ ਤੁਰੰਤ ਭੇਜ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਨਜਾਇਜ ਸ਼ਿਕਾਇਤ ਉੱਪਰ ਕਿਸੇ ਬੇ-ਗੁਨਾਹ ਖਿਲਾਫ ਕਾਰਵਾਈ ਨਾ ਹੋਵੇ ਇਸ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਸਮਾਜ ਦੇ ਗਲਤ ਅਨਸਰਾਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਵੀਡਿਓ ਬਣਾ ਕੇ ਸ਼ੋਸਲ ਮੀਡੀਆ ਉੱਪਰ ਵਾਇਰਲ ਕਰਕੇ ਕਿਸੇ ਦੀ ਕਿਰਦਾਰ-ਕੁਸ਼ੀ ਨਾ ਕਰਨ।
ਇਸ ਮੌਕੇ ਨੋਡਲ ਅਫਸਰ ਗੁਰਮੀਤ ਸਿੰਘ,ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਤੋਂ ਇਲਾਵਾ ਮੈਡੀਕਲ ਸੁਪਰਡੰਟ ਗੁਰੂ ਗੋਬਿੰਦ ਸਿੰਘ ਕਾਲਜ ਅਤੇ ਹਸਪਤਾਲ,ਐਸ.ਐਮ.ਓ.ਫਰੀਦਕੋਟ, ਪੁਲਿਸ ਵਿਭਾਗ ਵੱਲੋਂ ਡੀ.ਐਸ.ਪੀ., ਐਸ.ਐੱਚ.ਓ. ਸਦਰ ਫਰੀਦਕੋਟ, ਐਸ.ਐੱਚ.ਓ. ਸਿਟੀ ਫਰੀਦਕੋਟ ਅਤੇ ਐਸ.ਐੱਚ.ਓ. ਕੋਟਕਪੂਰਾ, ਐਡਵੋਕੇਟ ਪਰਮਪਾਲ ਫਲੀਆਂਵਾਲਾ ਅਤੇ ਐਡਵੋਕੇਟ ਸੁਨੀਲਾ ਹਾਜ਼ਰ ਸਨ।