ਪੰਜਾਬ ਰਾਜ ਵਿੱਚ ਬਾਸਮਤੀ ਦੀ ਚੰਗੀ ਕੁਆਲਟੀ ਲਈ 10 ਕੀਟਨਾਸ਼ਕਾਂ ਤੇ ਪਾਬੰਦੀ
ਫਰੀਦਕੋਟ, 3 ਅਗਸਤ (ਪੰਜਾਬ ਡਾਇਰੀ)- ਪੰਜਾਬ ਸਰਕਾਰ ਵੱਲੋਂ ਬਾਸਮਤੀ ਫਸਲ ਦੀ ਕੁਆਲਟੀ ਚੰਗੀ ਕਰਨ ਲਈ 10 ਕੀਟਨਾਸ਼ਕਾਂ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਜਾਣਕਾਰੀ ਜਿਲ੍ਹਾ ਫਰੀਦਕੋਟ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਇਹਨਾਂ ਬੈਨ ਕੀਟਨਾਸ਼ਕਾਂ ਵਿੱਚ ਐਸੀਫੇਟ, ਬੁਪਰੋਸ਼ਿਨ, ਕਲੋਰੋਪਾਈਰੀਫਾਸ, ਹੈਕਸਾਕੋਨਾਜੋਲ, ਪਰੋਪੀਕੋਨਾਜੋਲ, ਥਾਇਆਮੀਥੋਕਸਮ, ਪ੍ਰੋਫਿਨਾਵਾਸ, ਇਮੀਡਾਕਲੋਪਰਿਡ, ਕਾਰਬੈਂਡਾਜਿਮ, ਟਰਾਈਸਾਈਕਲਾਜ਼ੋਲ ਸ਼ਾਮਿਲ ਹਨ, ਜਿਨ੍ਹਾਂ ਦੀ ਬਾਸਮਤੀ ਉੱਪਰ ਵਰਤੋਂ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।
ਡਾ. ਗਿੱਲ ਨੇ ਦੱਸਿਆ ਕਿ ਕਿਸਾਨ ਸਿਖਲਾਈ ਕੈਂਪਾਂ ਅਤੇ ਸੋਸ਼ਲ ਮੀਡੀਆ ਰਾਹੀਂ ਕਿਸਾਨ ਵੀਰਾਂ ਨੂੰ ਇਹਨਾਂ ਬੈਨ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਉੱਤਮ ਕੁਆਲਟੀ ਦੀ ਬਾਸਮਤੀ ਦੀ ਪੈਦਾਵਾਰ ਕਰਕੇ ਇਸਦਾ ਵਿਦੇਸ਼ਾਂ ਵਿੱਚ ਵੀ ਨਿਰਯਾਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸਮੂਹ ਪੈਸਟੀਸਾਈਡ ਡੀਲਰਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹ ਇਹਨਾਂ 10 ਬੈਨ ਕੀਟਨਾਸ਼ਕਾਂ ਦੀ ਵਿਕਰੀ ਬਾਸਮਤੀ ਉੱਪਰ ਵਰਤੋਂ ਲਈ ਨਾ ਕਰਨ ਅਤੇ ਜੇਕਰ ਕਿਸੇ ਹੋਰ ਫਸਲ ਤੇ ਇਹਨਾ ਦਵਾਈਆਂ ਦੀ ਸੇਲ ਕਰਨੀ ਹੈ ਤਾਂ ਬਿੱਲ ਬੁੱਕ ਉੱਪਰ ਫ਼ਸਲ ਦਾ ਨਾਮ ਜਿਸ ਲਈ ਦਵਾਈ ਵੇਚੀ ਜਾਣੀ ਹੈ ਹਰ ਹਾਲਤ ਵਿੱਚ ਦਰਜ ਕਰਨ ਅਤੇ ਆਪਣਾ ਦਵਾਈਆਂ ਸਬੰਧੀ ਰਿਕਾਰਡ ਮੇਨਟੇਨ ਕਰਕੇ ਰੱਖਣ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਡੀਲਰ ਵੱਲੋਂ ਇਸ ਕੰਮ ਵਿੱਚ ਅਣਗਿਹਲੀ ਕੀਤੀ ਗਈ ਤਾਂ ਉਸਦੇ ਵਿਰੁੱਧ ਐਕਟ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।