ਫਰੀਦਕੋਟ, 26 ਮਈ – ( ਪੰਜਾਬ ਡਾਇਰੀ ) ਵਾਤਾਵਰਣ ਦੀ ਸੰਭਾਲ ਲਈ ਮੋਹਰੀ ਭੂਮਿਕਾ ਨਿਭਾਅ ਰਹੀ ਸੰਸਥਾ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਨਰੋਆ ਪੰਜਾਬ ਮੰਚ ਦੀ ਬੇਨਤੀ ’ਤੇ ਪੰਜਾਬ ਦੇ ਵਾਤਾਵਰਣ ਪ੍ਰੇਮੀਆਂ ਵੱਲੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨਾਲ ਵਿਧਾਨ ਸਭਾ ਦੇ ਦਫਤਰ ਵਿਖੇ ਧਰਤੀ ਹਵਾ ਤੇ ਪਾਣੀ ਦੀ ਸੰਭਾਲ ਲਈ 26 ਮਈ ਦਿਨ ਵੀਰਵਾਰ ਨੂੰ ਮੀਟਿੰਗ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ, ਕਾਹਨ ਸਿੰਘ ਪੰਨੂੰ ਆਈ.ਏ.ਐੱਸ., ਇੰਜ. ਜਸਕੀਰਤ ਸਿੰਘ, ਐਡਵੋਕੇਟ ਜਸਵਿੰਦਰ ਸਿੰਘ, ਬਾਬਾ ਗੁਰਮੀਤ ਸਿੰਘ ਖੋਸਿਆਂਵਾਲੇ, ਡਾ. ਗੁਰਚਰਨ ਸਿੰਘ ਨੂਰਪੁਰ, ਓਮੇਂਦਰ ਦੱਤ ਆਦਿ ਵਾਤਾਵਰਣ ਪ੍ਰੇਮੀ ਸ਼ਾਮਲ ਹੋਣਗੇ। ਇਸ ਮੌਕੇ ਦਰਿਆਵਾਂ ਵਿੱਚ ਸੁੱਟੇ ਜਾ ਰਹੇ ਲੁਧਿਆਣੇ ਦੇ ਉਦਯੋਗਾਂ ਦੇ ਜਹਿਰੀਲੇ ਪਾਣੀ, ਵਾਟਰ ਵਰਕਸ ਵਿਭਾਗ ਵੱਲੋਂ ਆਮ ਲੋਕਾਂ ਦੇ ਘਰਾਂ ਵਿੱਚ ਸਪਲਾਈ ਕੀਤੇ ਜਾ ਰਹੇ ਪ੍ਰਦੂਸ਼ਿਤ ਪਾਣੀ, ਪਰਾਲੀ ਅਤੇ ਨਾੜ ਨੂੰ ਅੱਗ ਲਾਉਣ ਨਾਲ ਪ੍ਰਭਾਵਿਤ ਹੁੰਦੇ ਰੁੱਖਾਂ ਦੀ ਸਮੱਸਿਆ ਸਮੇਤ ਵਾਤਾਵਰਣ ਨਾਲ ਸਬੰਧਤ ਅਨੇਕਾਂ ਮਸਲਿਆਂ ’ਤੇ ਵਿਚਾਰ ਚਰਚਾ ਹੋਵੇਗੀ।