ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਕੀਤੀ ਰੋਸ ਰੈਲੀ
ਫਰੀਦਕੋਟ, 3 ਨਵੰਬਰ (ਪੰਜਾਬ ਡਾਇਰੀ)- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਰਾਜਨੀਤਿਕ ਕੈਦੀਆਂ , ਪੱਤਰਕਾਰਾਂ, ਲੇਖਕਾਂ ਨੂੰ ਰਿਹਾਅ ਕਰਵਾਉਣ ਲਈ ਰੋਸ ਰੈਲੀ ਕਰ ਕੇ ਮੁਜਾਹਰਾ ਕੀਤਾ ਗਿਆ।
ਸੰਬੋਧਨ ਕਰਦਿਆਂ ਹੋਇਆ ਜ਼ਿਲਾ ਆਗੂ ਹਰਵੀਰ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ 39 ਸਾਲ ਬੀਤਣ ਦੇ ਬਾਅਦ ਵੀ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ । ਲੋਕਾਂ ਨੂੰ ਧਰਮ ਦੇ ਨਾਮ ਤੇ ਵੰਡ ਕੇ ਵੋਟਾਂ ਇੱਕਠੀਆਂ ਕਰਨ ਲਈ ਸਿੱਖ ਭਾਈਚਾਰੇ ਨੂੰ ਹਿੰਦੂਆਂ ਦੇ ਦੁਸ਼ਮਣ ਬਣਾ ਕੇ ਪੇਸ਼ ਕੀਤਾ ਗਿਆ। ਆਪ੍ਰੇਸ਼ਨ ਬਲਿਊ ਸਟਾਰ ਦੇ ਨਾਮ ਤੇ ਇਤਿਹਾਸਕ ਗੁਰਦੁਆਰੇ ਉੱਪਰ ਤੋਪ ਨਾਲ ਹਮਲਾ ਕਰਵਾ ਦਿੱਤਾ ਗਿਆ, ਗੁਰਦੁਆਰੇ ਵਿੱਚ ਮੌਜੂਦ ਬੇਕਸੂਰ ਲੋਕ ਫੌਜ਼ ਵੱਲੋਂ ਮਾਰ ਦਿੱਤੇ ਗਏ। ਇਸ ਘਟਨਾ ਦੇ ਰੋਸ ਵਜੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਪਰ ਬਦਲਾ ਸਾਰੇ ਸਿੱਖ ਭਾਈਚਾਰਾ ਤੋਂ ਲਿਆ ਗਿਆ ।
ਓਸ ਸਮੇਂ ਦੇ ਐਮ ਪੀ , ਐਮ ਐਲ ਏ ਨੇ ਸਿੱਖਾਂ ਦਾ ਕਤਲ ਕਰਨ ਲਈ ਭੀੜ ਦੀ ਅਗਵਾਈ ਕੀਤੀ,ਜਿਸ ਵਿੱਚ ਆਰਐਸਐਸ ਵੀ ਸ਼ਾਮਿਲ ਸੀ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਹਜ਼ਾਰਾਂ ਲੋਕਾਂ ਨੂੰ ਜ਼ਿੰਦਾ ਜਲਾ ਦਿੱਤਾ ਗਿਆ, ਔਰਤਾਂ ਦੀ ਬੇਪੱਤੀ ਕੀਤੀ ਗਈ, ਘਰ ਦੁਕਾਨਾਂ ਤਬਾਹ ਕਰ ਦਿੱਤੀਆਂ ਗਈਆਂ । ਓਸ ਸਮੇਂ ਦੀ ਪੁਲੀਸ ਦੀ ਮਜੂਦਗੀ ਵਿੱਚ ਲੋਕਾਂ ਦਾ ਕਤਲੇਆਮ ਕੀਤਾ ਗਿਆ । ਹਰ ਸਰਕਾਰ ਲੋਕਾਂ ਨੂੰ ਓਹਨਾਂ ਦੀਆਂ ਅਸਲ ਮੰਗਾਂ ਗ਼ਰੀਬੀ, ਰੁਜ਼ਗਾਰ, ਭੁੱਖਮਰੀ ਤੋਂ ਧਿਆਨ ਹਟਾਉਣ ਲਈ ਲੋਕਾਂ ਨੂੰ ਧਰਮ ਜਾਤ ਦੇ ਨਾਮ ਤੇ ਲੜਾਉਣ ਦੀ ਨੀਤੀ ਤੇ ਚਲਦੀ ਹੈ।
ਓਸ ਸਮੇਂ ਐਲਾਨੀ ਗਈ ਐਮਰਜੈਂਸੀ ਨੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲ ਦਿੱਤਾ, ਲੋਕਾਂ ਉੱਪਰ ਫੋਜ਼ ਚੜਾ ਦਿੱਤੀ ਗਈ। ਭਾਰਤ ਵਿੱਚ ਹੁਣ ਅਣ ਐਲਾਨੀ ਐਮਰਜੈਂਸੀ ਲਗਾਈ ਹੋਈ ਹੈ।ਲੋਕਾਂ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਕਾਲਜ ਕਮੇਟੀ ਮੈਂਬਰ ਪ੍ਰਿਤਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਮੌਜੂਦਾ ਫਾਸ਼ੀਵਾਦੀ ਸਰਕਾਰ ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ, ਪ੍ਰੋਫ਼ੈਸਰਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਜੇਲ੍ਹਾਂ ਵਿੱਚ ਸੁੱਟ ਰਹੀ ਹੈ। ਸਿੱਖ ਬੁੱਧੀਜੀਵੀ ਜੋਂ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਗੈਰ ਕਨੂੰਨੀ ਤਰੀਕੇ ਨਾਲ਼ ਜੇਲ੍ਹਾਂ ਵਿੱਚ ਬੰਦ ਹਨ, ਓਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਮੌਕੇ ਹਰਪ੍ਰੀਤ ਕੌਰ, ਅਰਸ਼ਪ੍ਰੀਤ ਕੌਰ, ਗੁਰਵਿੰਦਰ ਸਿੰਘ, ਅਰਸ਼ਦੀਪ ਸਿੰਘ, ਹਰਪ੍ਰੀਤ ਸਿੰਘ, ਨੇਹਾ ਰਾਣੀ, ਹੈਪੀ ਸਿੰਘ, ਸ਼ਵਿੰਦਰ ਸਿੰਘ ਮੌਜੂਦ ਸਨ।