ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵੱਲੋਂ ਦਫਤਰੀ ਕੰਮ ਠੱਪ ਕਰ ਜਿਲਾ ਖਜ਼ਾਨਾ ਦਫਤਰ ਅੱਗੇ ਦਿੱਤਾ ਰੋਸ ਧਰਨਾ
ਫ਼ਰੀਦਕੋਟ, 29 ਨਵੰਬਰ (ਪੰਜਾਬ ਡਾਇਰੀ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੀ ਅਮਰੀਕ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਮੀਟਿੰਗ ਦੇ ਫੈਸਲੇ ਅਨੁਸਾਰ ਕਲਮ ਛੋੜ ਹੜਤਾਲ/ਕੰਪਿਊਟਰ ਬੰਦ ਹੜਤਾਲ ਮਿਤੀ 6-12-2023 ਤੱਕ ਵਾਧਾ ਕੀਤਾ ਗਿਆ, ਇਸ ਦੌਰਾਨ ਵਿਧਾਨ ਸਭਾ ਦੇ ਸਵਾਲਾਂ ਦੇ ਜਵਾਬ ਵੀ ਨਹੀਂ ਭੇਜੇ ਜਾਣਗੇ ਨਾ ਹੀ ਤਨਖਾਹਾਂ ਆਦਿ ਦੇ ਬਿਲ ਬਣਾਏ ਜਾਣਗੇ| ਇਸ ਕਲਮ ਛੋੜ ਹੜਤਾਲ ਦੌਰਾਨ ਸਮੂਹ ਵਿਭਾਗਾਂ ਦੇ ਕਰਮਚਾਰੀ ਜ਼ਿਲਾ ਖਜ਼ਾਨਾ ਦਫਤਰਾਂ ਦੇ ਅੱਗੇ ਧਰਨੇ ਤੇ ਬੈਠਣਗੇ| ਜੇਕਰ ਇਸ ਦਰਮਿਆਨ ਕੋਈ ਵੀ ਕੈਬਨਿਟ ਮੰਤਰੀ ਕਿਸੇ ਜ਼ਿਲ੍ਹੇ ਵਿੱਚ ਸਰਕਾਰੀ ਦੌਰੇ ਤੇ ਆਉਂਦਾ ਹੈ ਤਾਂ ਉਸ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਜਾਵੇਗਾ ਅਤੇ ਮਿਤੀ 1-12-2023 ਨੂੰ ਡੀ.ਸੀ ਦਫਤਰਾਂ ਦੇ ਸਾਹਮਣੇ ਰੋਸ ਰੈਲੀਆਂ ਕਰਕੇ ਮਾਰਚ ਕਰਦੇ ਹੋਏ ਖਾਲੀ ਪੀਪੇ ਖੜਕਾ ਕੇ ਚੌਂਕਾਂ ਵਿੱਚ ਘੜੇ ਭੰਨੇ ਜਾਣਗੇ|
ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਅਸੀਂ ਆਪਣੀਆਂ ਮੰਗਾਂ ਤੋਂ ਇਲਾਵਾ ਬਹੁਤ ਸਾਰੀਆਂ ਸਾਂਝੀਆਂ ਮੰਗਾਂ ਤੇ ਵੀ ਸਰਕਾਰ ਨਾਲ ਲੜਾਈ ਲੜ ਰਹੇ ਹਾਂ, ਇਸ ਲਈ ਉਹਨਾਂ ਵੱਲੋਂ ਸਮੂਹ ਭਰਾਤਰੀ ਜਥੇਬੰਦੀਆਂ ਅਤੇ ਪੈਨਸ਼ਨਰ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਸੰਘਰਸ਼ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਸਰਕਾਰ ਤੋਂ ਮੰਗਾਂ ਬਣਵਾਈਆਂ ਜਾ ਸਕਣ|
ਅੱਜ ਜਿਲ੍ਹਾ ਖਜ਼ਾਨਾ ਦਫਤਰ ਫਰੀਦਕੋਟ ਦੇ ਸਾਹਮਣੇ ਰੋਸ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਕੁਲਵਿੰਦਰ ਸਿੰਘ ਅਟਵਾਲ ਪ੍ਰਧਾਨ, ਰਮੇਸ਼ ਕੁਮਾਰ ਜਨਰਲ ਸਕੱਤਰ ਖਜ਼ਾਨਾ ਦਫਤਰ, ਗੁਰਚਰਨ ਸਿੰਘ ਪ੍ਰਧਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸੁਨੀਲ ਕੁਮਾਰ ਖੇਤੀਬਾੜੀ ਵਿਭਾਗ, ਕੁਲਦੀਪ ਸਿੰਘ ਪਸ਼ੂ ਪਾਲਣ ਵਿਭਾਗ, ਇੰਦਰਜੀਤ ਸਿੰਘ ਖੀਵਾ ਜਿਲਾ ਪ੍ਰਧਾਨ ਸਿਵਲ ਪੈਨਸ਼ਨਰ ਅਸੋਸੀਏਸ਼ਨ, ਅਮਰਜੀਤ ਸਿੰਘ ਪੰਨੂ ਪ੍ਰਧਾਨ ਸਿੱਖਿਆ ਵਿਭਾਗ, ਕੁਲਦੀਪ ਸਿੰਘ ਆਈ.ਟੀ.ਆਈ, ਸਰਬਜੀਤ ਸਿੰਘ ਪ੍ਰਧਾਨ ਬੀ ਐਡ ਆਰ, ਗੁਰਜੀਤ ਸਿੰਘ ਬਿਜਲੀ ਮੰਡਲ ਬੀ ਐਡ ਆਰ, ਪ੍ਰਿੰਸ, ਵਿੱਕੀ ਰੁਜ਼ਗਾਰ ਦਫਤਰ ਅਤੇ ਗੁਰਪ੍ਰੀਤ ਸਿੰਘ ਮੱਛੀ ਪਾਲਣ ਵਿਭਾਗ ਆਦਿ ਅਹੁਦੇਦਾਰਾਂ ਵੱਲੋਂ ਸਰਕਾਰ ਦੀ ਨਿਖੇਦੀ ਕਰਦੇ ਹੋਏ ਦੱਸਿਆ ਗਿਆ ਕਿ ਸਰਕਾਰ ਨੇ ਪਿਛਲੇ ਸਮੇਂ ਹੋਈ ਮੀਟਿੰਗ ਵਿੱਚ ਮੰਨੀਆਂ ਮੰਗਾਂ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ ਅਤੇ ਨਾ ਹੀ ਵਾਅਦੇ ਮੁਤਾਬਕ ਜਥੇਬੰਦੀ ਨੂੰ ਦੁਬਾਰਾ ਮੀਟਿੰਗ ਲਈ ਸਮਾਂ ਦਿੱਤਾ ਹੈ|
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪਿੱਪਲ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ ਅਤੇ ਅਨੁਜ ਸ਼ਰਮਾ ਸੂਬਾ ਵਿੱਤ ਸਕੱਤਰ ਨੇ ਦੱਸਿਆ ਕਿ ਮਿਤੀ 29.09.2023 ਨੂੰ ਕੈਬਨਿਟ ਸਬ ਕਮੇਟੀ ਦੇ ਦੋ ਸੀਨੀਅਰ ਮੰਤਰੀਆਂ ਸ਼੍ਰੀ ਅਮਨ ਅਰੋੜਾ ਅਤੇ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਅਤੇ ਵਿੱਤ ਵਿਭਾਗ, ਪ੍ਰਸੋਨਲ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ ਦੀ ਅਗਵਾਈ ਵਿੱਚ ਵਫਦ ਨਾਲ ਮੀਟਿੰਗ ਕੀਤੀ ਗਈ ਸੀ। ਇਹ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਸੰਪੰਨ ਹੋਈ ਸੀ| ਜਿਸ ਕਰਕੇ ਸੂਬਾ ਬਾਡੀ ਵੱਲੋਂ ਮਿਤੀ 5-10-2023 ਤੋਂ ਦਿੱਤੇ ਗਏ ਕਲਮ ਛੋੜ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ|
ਸਰਕਾਰ ਨਾਲ ਹੋਈ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੱਪਲ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ, ਅਨੁਜ ਸ਼ਰਮਾ ਸੂਬਾ ਵਿੱਤ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਵੱਲੋਂ ਮਜਬੂਰਨ ਮਿਤੀ 06-12-2023 ਨੂੰ ਮੀਟਿੰਗ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅਤੇ ਸੜਕਾਂ ਤੇ ਉਤਰਨ/ਜਿਲਿਆਂ ਵਿੱਚ ਮੰਤਰੀਆਂ ਅਤੇ ਐਮ.ਐਲ.ਏ ਦੀਆਂ ਕੋਠੀਆਂ ਦਾ ਘਿਰਾਓ ਕਰਨ ਤੋਂ ਵੀ ਗਰੇਜ ਨਹੀਂ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ |