ਪੰਜਾਬ ਸਰਕਾਰ ਨੇ ਚੂਹਿਆਂ ਨੂੰ ਫੜ੍ਹਨ ਲਈ ਗਲੂ ਟ੍ਰੈਪ’ ਦੀ ਵਰਤੋਂ ’ਤੇ ਲਗਾਈ ਪਾਬੰਦੀ, ਅਜਿਹਾ ਕਰਨ ਵਾਲਾ ਬਣਿਆ 17ਵਾਂ ਸੂਬਾ
ਚੰਡੀਗੜ੍ਹ, 7 ਨਵੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿਚ ਪਿਛਲੇ ਦੋ-ਤਿੰਨ ਸਾਲ ਤੋਂ ਚੂਹਿਆਂ ਨੂੰ ਫੜਨ ਲਈ ਗੂੰਦ ਦੇ ਪੇਪਰ ਬੋਰਡ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨੂੰ ਕਿ ‘ਗਲੂ ਟ੍ਰੈਪ’ ਕਿਹਾ ਜਾਂਦਾ ਹੈ। ਸੂਬਾ ਸਰਕਾਰ ਵੱਲੋਂ ਹੁਣ ‘ਗਲੂ ਟ੍ਰੈਪ’ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਪੰਜਾਬ ਸਰਕਾਰ ਨੇ ਗਲੂ ਟ੍ਰੈਪ ਦੇ ਨਿਰਮਾਣ, ਵਿਕਰੀ ਤੇ ਵਰਤੋਂ ’ਤੇ ਰੋਕ ਲਗਾਈ ਹੈ। ‘ਗਲੂ ਟ੍ਰੈਪ’ ‘ਤੇ ਰੋਕ ਲਗਾਉਣ ਵਾਲਾ ਪੰਜਾਬ ਦੇਸ਼ ਦਾ 17ਵਾਂ ਸੂਬਾ ਬਣ ਗਿਆ ਹੈ। ਪਸ਼ੂ ਪਾਲਣ ਵਿਭਾਗ ਨੇ ਡੀਸੀ ਦਫ਼ਤਰਾਂ ਨੂੰ ਹੁਕਮ ਭੇਜੇ ਗਏ ਹਨ ਤਾਂ ਜੋ ਜ਼ਿਲ੍ਹਿਆਂ ਵੱਲੋਂ ਇਸ ਹੁਕਮ ਦੀ ਪਾਲਣਾ ਕੀਤੀ ਜਾ ਸਕੇ। ਪੰਜਾਬ, ਦਿੱਲੀ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕੁਝ ਹੋਰ ਰਾਜਾਂ ਵਿਚ ਸ਼ਾਮਲ ਹੋ ਗਿਆ ਜਿਥੇ ਇਸ ਗਲੂ ਟ੍ਰੈਪ ‘ਤੇ ਰੋਕ ਲਗਾਈ ਗਈ ਹੈ।
ਦੱਸ ਦੇਈਏ ਕਿ ਗਲੂ ਟ੍ਰੈਪ ਨਾਲ ਚੂਹੇ ਫੜਨ ਲਈ ਇਸ ਵਿਚ ਪੇਪਰ ਬੋਰਡ ਉਤੇ ਗੂੰਦ ਦੀ ਇਕ ਪਰਤ ਲਗਾਈ ਜਾਂਦੀ ਹੈ। ਲੋਕ ਇਸ ਨੂੰ ਘਰ ‘ਚ ਕਿਸੇ ਲੁਕਵੀਂ ਥਾਂ ‘ਤੇ ਰੱਖਦੇ ਹਨ। ਚੂਹਾ ਜਿਵੇਂ ਹੀ ਇਸ ਦੇ ਉੱਪਰ ਆਉਂਦਾ ਹੈ, ਉਸ ਨਾਲ ਚਿਪਕ ਜਾਂਦਾ ਹੈ। ਜਦੋਂ ਚੂਹਾ ਗੂੰਦ ਨਾਲ ਚਿਪਕ ਜਾਂਦਾ ਹੈ ਤਾਂ ਲੋਕ ਇਸ ਨੂੰ ਖੁੱਲ੍ਹੀ ਥਾਂ ‘ਤੇ ਸੁੱਟ ਦਿੰਦੇ ਹਨ। ਚੂਹੇ ਨੂੰ ਖਾਣ ਦੀ ਕੋਸ਼ਿਸ਼ ਕਰਦੇ ਹੋਏ ਪੰਛੀ ਉਸ ਨਾਲ ਚਿਪਕ ਕੇ ਮਰਨ ਲੱਗੇ ਹਨ। ਪਸ਼ੂ ਪ੍ਰੇਮੀਆਂ ਨੇ ਇਸ ਨੂੰ ਬੇਰਹਿਮ ਦਸਿਆ ਅਤੇ ਪਸ਼ੂ ਭਲਾਈ ਬੋਰਡ ਕੋਲ ਕੇਸ ਦਰਜ ਕਰਵਾਇਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕਾਰਵਾਈ ਕਰਦੇ ਹੋਏ ‘ਗਲੂ ਟ੍ਰੈਪ’ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ।