ਫਰਜੀ ਵਿਦੇਸ਼ੀ ਰਿਸ਼ਤੇਦਾਰ ਬਣ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਤਿੰਨ ਕਾਬੂ
ਚੰਡੀਗੜ੍ਹ, 28 ਅਪ੍ਰੈਲ (ਪੰਜਾਬੀ ਜਾਗਰਣ)- ਚੰਡੀਗੜ੍ਹ ਸਾਈਬਰ ਅਪਰਾਧ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਛੋਟਨ ਕੁਮਾਰ (19) ਰਾਹੁਲ ਕੁਮਾਰ (23) ਅਤੇ ਰਾਹੁਲ ਰਾਮ (27) ਵਾਸੀ ਬਿਹਾਰ ਵਜੋਂ ਹੋਈ ਹੈ। ਮੁਲਜ਼ਮ ਫਰਜੀ ਰਿਸ਼ਤੇਦਾਰ ਬਣ ਕੇ ਵੱਖ-ਵੱਖ ਨੰਬਰਾਂ ਤੋਂ ਫੋਨ ਕਰਕੇ ਲੋਕਾਂ ਨੂੰ ਵਰਗਲਾ ਕਿ ਉਨ੍ਹਾਂ ਤੋਂ ਪੈਸੇ ਵਸੂਲਦੇ ਸਨ।
ਜ਼ਿਕਰਯੋਗ ਹੈ ਕਿ ਸੈਕਟਰ-51 ਏ ਦੇ ਰਹਿਣ ਵਾਲੇ ਬਲਬੀਰ ਸਿੰਘ ਨੇ ਥਾਣਾ ਸਾਇਬਰ ਕਰਾਇਮ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸ ਨੂੰ ਵਟਸਐਪ ਉੱਤੇ ਇੱਕ ਫੋਨ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਦੇ ਭਤੀਜੇ ਜੱਸੀ ਨੇ ਕੈਨੇਡਾ ਵਿਖੇ ਇਕ ਨਾਈਟ ਕਲੱਬ ਵਿੱਚ ਸ਼ੋਰ ਸ਼ਰਾਬਾ ਕਰਨ ਦੇ ਦੋਸ਼ ਹੇਠ ਕੈਨੇਡਾ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ। ਸ਼ੋਰ ਸ਼ਰਾਬਾ ਕਰਨ ਦੇ ਦੋਸ਼ ਹੇਠ ਕੈਨੇਡਾ ਪੁਲਿਸ ਨੇ ਉਸ ਦੇ ਭਤੀਜੇ ਜੱਸੀ ਨੂੰ ਪੰਜ ਹਜ਼ਾਰ ਡਾਲਰ ਦਾ ਜ਼ੁਰਮਾਨਾ ਲਾਇਆ ਹੈ ਅਤੇ ਇਸ ਤੋਂ ਇਲਾਵਾ ਕਲੱਬ ਵਿੱਚ ਤੋੜ ਫੋੜ ਕਰਨ ਦੀ ਭਰਪਾਈ ਲਈ ਵੀ ਸੱਤ ਹਜ਼ਾਰ ਡਾਲਰ ਕਲੱਬ ਮਾਲਕ ਨੂੰ ਦੇਣੇ ਪੈਣਗੇ। ਜਿਸ ਦੇ ਚਲਦਿਆਂ ਸ਼ਿਕਾਇਤ ਕਰਤਾ ਨੇ 7 ਲੱਖ 25 ਹਜ਼ਾਰ ਦੇ ਕਰੀਬ ਰੁਪਏ ਫੋਨ ਕਰਨ ਵਾਲੇ ਵਿਅਕਤੀ ਦੇ ਖਾਤੇ ਵਿਚ ਟਰਾਂਸਫਰ ਕਰਵਾ ਦਿੱਤੇ।
ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਸ਼ੱਕ ਪੈਣ ‘ਤੇ ਉਸ ਨੇ ਥਾਣਾ ਸਾਈਬਰ ਕ੍ਰਾਈਮ ਪੁਲਿਸ ਨੂੰ ਸ਼ਿਕਾਇਤ ਦਿੱਤੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤਿੰਨ ਏ.ਐਸ.ਆਈਜ ਜਿਹਨਾਂ ਵਿੱਚ ਜੋਗਿੰਦਰ ਸਿੰਘ, ਜਤਿੰਦਰ ਸਿੰਘ ਅਤੇ ਗੁਲਾਬ ਸਿੰਘ ਅਤੇ ਕਾਂਸਟੇਬਲ ਅਮਰ ਖੋਖਰ, ਵਿਨੋਦ ਕੁਮਾਰ ਅਤੇ ਵਿਕਾਸ ਆਦਿ ਵੱਲੋਂ ਤਕਨੀਕੀ ਟੀਮ ਅਤੇ ਗੁਪਤ ਸੂਚਨਾ ਦੇ ਅਧਾਰ ਤੇ ਮੁਲਜ਼ਮਾਂ ਨੂੰ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਰਿਮਾਂਡ ਦੌਰਾਨ ਮੁਲਜ਼ਮਾਂ ਤੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।