ਫਰੀਦਕੋਟ ਕੇਂਦਰੀ ਜੇਲ ‘ਚ ਕੈਦੀ ਕੋਲੋਂ ਮਿਲੀ ਹੈਰੋਇਨ, ਪੈਰੋਲ ਤੋਂ ਬਾਅਦ ਆਇਆ ਸੀ ਵਾਪਸ ਜੇਲ
ਫਰੀਦਕੋਟ, 6 ਅਕਤੂਬਰ (ਰੋਜਾਨਾ ਸਪੋਕਸਮੈਨ)- ਫਰੀਦਕੋਟ ਕੇਂਦਰੀ ਜੇਲ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਇਕ ਕੈਦੀ ਕੋਲੋਂ 180 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜੇਲ ਸਟਾਫ਼ ਨੇ ਇਹ ਹੈਰੋਇਨ ਉਦੋਂ ਬਰਾਮਦ ਕੀਤੀ ਜਦੋਂ ਉਹ ਪੈਰੋਲ ਤੋਂ ਵਾਪਸ ਜੇਲ ਪਰਤਿਆ। ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਫ਼ਰੀਦਕੋਟ ਸਿਟੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ।
ਫ਼ਰੀਦਕੋਟ ਸਿਟੀ ਪੁਲਿਸ ਨੇ ਦੱਸਿਆ ਕਿ ਜਦੋਂ ਕੈਦੀ ਮਨਦੀਪ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ 5 ਅਕਤੂਬਰ ਨੂੰ ਪੈਰੋਲ ਪੂਰੀ ਕਰਕੇ ਜੇਲ ਵਾਪਸ ਆਇਆ ਤਾਂ ਉਸ ਦੀ ਤਲਾਸ਼ੀ ਦੌਰਾਨ ਦੋ ਥਾਵਾਂ ‘ਤੇ ਲੁਕੋ ਕੇ ਰੱਖੀ ਗਈ ਕੁੱਲ 180 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਮਨਦੀਪ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ ਸਥਿਤ ਜੇਲ ‘ਚ ਬੰਦ ਮੋਗਾ ਨਿਵਾਸੀ ਗੁਰਚਰਨ ਸਿੰਘ ਦੇ ਪਰਿਵਾਰ ਵੱਲੋਂ ਗੁਰਚਰਨ ਸਿੰਘ ਨੂੰ ਕੁਝ ਵਰਦੀ ਦਿੱਤੀ ਗਈ ਸੀ, ਉਸ ਨੂੰ ਨਹੀਂ ਪਤਾ ਕਿ ਉਸ ‘ਚ ਕੀ ਸੀ।
ਉਪਰੋਕਤ ਸੂਚਨਾ ਤੋਂ ਬਾਅਦ ਜੇਲ ਸਟਾਫ਼ ਵਲੋਂ ਗੁਰਚਰਨ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ | ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ ਫਰੀਦਕੋਟ ਕੇਂਦਰੀ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਏਐਸਆਈ ਹਰਚਰਨ ਸਿੰਘ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਜੇਲ ਐਕਟ ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਹਾਲਾਂਕਿ ਦੋਵੇਂ ਮੁਲਜ਼ਮ ਪਹਿਲਾਂ ਵੀ ਕਿਸੇ ਨਾ ਕਿਸੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹਨ।