ਫਰੀਦਕੋਟ ਮੈਡੀਕਲ ਕਾਲਜ ਤੋਂ ਹੈਰਾਨੀਜਨਕ ਮਾਮਲਾ; ਦੁਖੀਆਂ ਨੂੰ ਹੋਰ ਦੁਖੀ ਕਰਦਾ ਚੋਰ ਗ੍ਰਿਫਤਾਰ, 11 ਮੋਬਾਈਲ ਬਰਾਮਦ
ਫਰੀਦਕੋਟ, 28 ਜੂਨ (ਬਾਬੂਸ਼ਾਹੀ)- ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਮੋਬਾਈਲ ਫੋਨ ਚੋਰੀ ਹੋਣ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਕਈ ਵਾਰ ਰੋਸ ਮੁਜ਼ਾਹਰੇ ਹੋਏ ਪਰ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸ ਦੌਰਾਨ ਫਰੀਦਕੋਟ ਸਿਟੀ-2 ਦੀ ਪੁਲਸ ਨੇ ਇਕ ਮੋਬਾਇਲ ਚੋਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 11 ਮੋਬਾਇਲ ਬਰਾਮਦ ਕੀਤੇ ਹਨ।
ਥਾਣਾ ਸਿਟੀ-2 ਦੇ ਇੰਚਾਰਜ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਫਰੀਦਕੋਟ ਸ਼ਹਿਰ ਦੀ ਡੋਗਰ ਬਸਤੀ ਦੇ ਰਹਿਣ ਵਾਲੇ ਗੋਲਡੀ ਵਜੋਂ ਹੋਈ ਹੈ। ਉਸ ਕੋਲੋਂ 11 ਸਮਾਰਟਫੋਨ ਬਰਾਮਦ ਹੋਏ ਹਨ। ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਦੱਸਿਆ ਕਿ ਜਦੋਂ ਲੋਕ ਰਾਤ ਨੂੰ ਸੌਂਦੇ ਸਨ ਤਾਂ ਉਹ ਮੋਬਾਈਲ ਚੋਰੀ ਕਰ ਲੈਂਦਾ ਸੀ ਅਤੇ ਚੁੱਪ-ਚਾਪ ਹਸਪਤਾਲ ਛੱਡ ਜਾਂਦਾ ਸੀ। ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਉਸ ਕੋਲੋਂ ਹੋਰ ਫੋਨ ਬਰਾਮਦ ਕੀਤੇ ਜਾ ਸਕਦੇ ਹਨ। ਭਾਵੇਂ ਲੋਕ ਪਹਿਲਾਂ ਵੀ ਮੋਬਾਈਲ ਚੋਰ ਨੂੰ ਫੜ ਕੇ ਪੁਲੀਸ ਹਵਾਲੇ ਕਰ ਚੁੱਕੇ ਹਨ ਪਰ ਕੋਈ ਸ਼ਿਕਾਇਤ ਨਾ ਹੋਣ ਕਾਰਨ ਪੁਲੀਸ ਨੂੰ ਮਜਬੂਰੀ ਵੱਸ ਮੁਲਜ਼ਮ ਨੂੰ ਛੱਡਣਾ ਪਿਆ ਹੈ। ਇਸ ਵਾਰ ਉਸ ਕੋਲੋਂ ਫੋਨ ਬਰਾਮਦ ਹੋਏ ਹਨ ਅਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ।