ਫਰੀਦਕੋਟ ਜ਼ਿਲ੍ਹੇ ‘ਚ 12 ਮਾਰਚ, 2022 ਨੂੰ ਲੱਗੇਗੀ ਕੌਮੀ ਲੋਕ ਅਦਾਲਤ-ਜ਼ਿਲ੍ਹਾ ਤੇ ਸੈਸ਼ਨ ਜੱਜ
ਫਰੀਦਕੋਟ, 3 ਮਾਰਚ (ਗੁਰਮੀਤ ਸਿੰਘ ਬਰਾੜ)ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ.ਏ.ਐੱਸ. ਨਗਰ (ਮੋਹਾਲੀ) ਦੇ ਕਾਰਜਕਾਰੀ ਚੇਅਰਮੈਨ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਸੁਮੀਤ ਮਲਹੋਤਰਾ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਰੀਦਕੋਟ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਚਹਿਰੀਆਂ ਅਤੇ ਸਬ-ਡਵੀਜ਼ਨਲ ਜੈਤੋ ਵਿਖੇ 12 ਮਾਰਚ 2022 ਨੂੰ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਜਗਦੀਪ ਸਿੰਘ ਮਹਿਰੋਕ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਵਿੱਚ ਰਾਜੀਨਾਮੇ ਯੋਗ ਫੌਜਦਾਰੀ ਕੇਸ, ਕਿਰਤ ਸਬੰਧ ਝਗੜੇ, ਵਿਵਾਹਿਕ ਝਗੜੇ, ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ 138 ਅਧੀਨ, ਬਿਜਲੀ ਅਤੇ ਪਾਣੀ ਦੇ ਬਿੱਲ (ਨਾਨ ਕੰਪਾਉਂਡੇਬਲ ਤੋਂ ਇਲਾਵਾ), ਤਨਖਾਹ, ਭੱਤੇ ਅਤੇ ਰਿਟਾਇਰਮੈਂਟ ਨਾਲ ਸਬੰਧਿਤ ਮਾਮਲੇ, ਮਾਲ ਵਿਭਾਗ ਨਾਲ ਸਬੰਧਿਤ ਕੇਸ (ਜ਼ਿਲ੍ਹਾ ਅਤੇ ਹਾਈ ਕੋਰਟ ਪੱਧਰ ਤੇ ਲੰਬਿਤ),ਹੋਰ ਸਿਵਲ ਕੇਸ ਜਿਵੇਂ ਕਿਰਾਇਆ, ਈਜਮੈਂਟ ਅਧਿਕਾਰ, ਸਪੈਸਿਫਿੱਕ ਪ੍ਰੋਫਾਰਮੈਂਸ ਕੇਸ ਆਦਿ, ਭੌਂ ਪ੍ਰਾਪਤੀ ਕੇਸ, ਐੱਮ.ਏ.ਸੀ.ਟੀ ਕੇਸ,ਰਕਮ ਵਸੂਲੀ ਦੇ ਮਾਮਲੇ ਲਗਾਏ ਜਾ ਸਕਦੇ ਹਨ। ਦੱਸਿਆ ਕਿ ਇਸ ਲੋਕ ਅਦਾਲਤ ਵਿਚ ਦਿਵਾਨੀ ਮਾਮਲੇ, ਕਰਿਮੀਨਲ ਕੰਪਾਊਂਡੇਬਲ, ਚੈੱਕਾਂ ਦੇ ਕੇਸ, ਬੈਂਕ, ਬਿਜਲੀ, ਪਾਣੀ, ਟੈਲੀਫੋਨ ਅਤੇ ਵਿਆਹ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਨੈਸ਼ਨਲ ਲੋਕ ਅਦਾਲਤ ’ਚ ਦੋ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਆਪਣਾ ਕੇਸ ਲਗਾਉਣ ਲਈ ਇਕ ਦਰਖਾਸਤ ਦੇ ਕੇ ਹੀ ਲੋਕ ਅਦਾਲਤ ਵਿੱਚ ਆਪਣਾ ਕੇਸ ਲਗਾਇਆ ਜਾ ਸਕਦਾ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਲੋਕ ਅਦਾਲਤ ਰਾਹੀਂ ਸੌਖਾ ਅਤੇ ਸਸਤਾ ਇਨਸਾਫ ਪਾਉਣ।