ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਗੈਰ ਕਾਨੂੰਨੀ – ਡਾ. ਰੂਹੀ ਦੁੱਗ
ਫਰੀਦਕੋਟ, 28 ਅਪ੍ਰੈਲ – (ਗੁਰਮੀਤ ਸਿੰਘ ਬਰਾੜ) ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ (ਆਈ.ਏ.ਐਸ.) ਨੇ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਬਲਕਿ ਇਸ ਨੂੰ ਆਪਣੇ ਖੇਤ ਵਿੱਚ ਹੀ ਮਿਲਾਇਆ ਜਾਵੇ ਤਾਂ ਜੋ ਜਮੀਨ ਦੀ ਉਪਜਾਊ ਸ਼ਕਤੀ ਵਧ ਸਕੇ ਅਤੇ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਹੋਣੋ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਧੂੰਏਂ ਦੇ ਪ੍ਰਦੂਸ਼ਨ ਕਾਰਨ ਕਈ ਜਾਨਲੇਵਾ ਬਿਮਾਰੀਆਂ ਜਿਵੇਂ ਕਿ ਦਮਾਂ, ਅਲਰਜੀ ਚਮੜੀ ਰੋਗ ਆਦਿ ਪੈਦਾ ਹੁੰਦੀਆਂ ਹਨ ਅਤੇ ਬੱਚੇ/ਬਜ਼ੁਰਗ ਜਿਆਦਾ ਪ੍ਰਭਾਵਿਤ ਹੁੰਦੇ ਹਨ। ਅੱਗ ਲਾਉਣ ਨਾਲ ਕਿਸਾਨ ਕੁਦਰਤੀ ਸਿਸਟਮ ਵਿੱਚ ਵਿਗਾੜ ਪੈਦਾ ਕਰ ਰਹੇ ਹਨ। ਹਰ ਕਿਸਮ ਦੀ ਬਨਸਪਤੀ ਵੀ ਅੱਗ ਦੀ ਲਪੇਟ ਵਿੱਚ ਆ ਜਾਂਦੀ ਹੈ ਅਤੇ ਦਰੱਖਤਾਂ, ਪਸ਼ੂ-ਪੰਛੀਆਂ ਦਾ ਭਾਰੀ ਨੁਕਸਾਨ ਹੁੰਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ‘ਤੇ ਕਾਨੂੰਨੀ ਕਾਰਵਾਈ/ਜੁਰਮਾਨੇ ਕੀਤੇ ਜਾਣਗੇ।
ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ ਨੇ ਮੌਸਮ ਵਿੱਚ ਆ ਰਹੀ ਤਬਦੀਲੀ ਤੇ ਗੱਲ ਕਰਦਿਆਂ ਕਿਹਾ ਕਿ ਤਾਪਮਾਨ ਵਿੱਚ ਲਗਾਤਾਰ ਵਾਧੇ ਕਾਰਨ ਫਸਲਾਂ ਦੇ ਝਾੜ ਤੇ ਅਸਰ ਪੈ ਰਿਹਾ ਹੈ। ਜਿਸ ਤਰ੍ਹਾਂ ਇਸ ਵਾਰ ਮਾਰਚ ਵਿੱਚ ਪਈ ਗਰਮੀ ਨੇ ਕਣਕ ਦਾ ਝਾੜ ਘੱਟੋ-ਘੱਟ 10% ਘਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵੱਧ ਤੋਂ ਵੱਧ ਦਰੱਖਤ ਲਗਾਉਣੇ ਹਨ ਨਾ ਕਿ ਅੱਗ ਲਗਾਕੇ ਇਨ੍ਹਾਂ ਨੂੰ ਸਾੜਨਾਂ ਹੈ। ਆਲਮੀ ਤਪਸ਼ ਅਤੇ ਵਾਤਾਵਰਨ ਪ੍ਰਦੂਸ਼ਨ ਦਾ ਮਸਲਾ ਸਭ ਲਈ ਸਾਂਝਾ ਹੈ। ਇਸ ਕਰਕੇ ਸਾਨੂੰ ਸਭ ਨੂੰ ਮਿਲ ਕੇ ਇਸ ਪ੍ਰਤੀ ਲਗਾਤਾਰ ਉਪਰਾਲੇ ਕਰਨੇ ਚਾਹੀਦੇ ਹਨ।