ਫ਼ਰੀਦਕੋਟ ਦੇ ਪਿੰਡ ਅਰਾਈਆਂਵਾਲਾ ਕਲਾਂ ਵਿਚ 12 ਏਕੜ ਦੇ ਕਰੀਬ ਕਣਕ ਸੜ ਕੇ ਹੋਈ ਸੁਆਹ
ਵਿਧਾਇਕ ਵੱਲੋਂ ਮਾਲ ਵਿਭਾਗ ਨੂੰ ਤੁਰੰਤ ਗਿਰਦਾਵਰੀ ਕਰਨ ਦੇ ਹੁਕਮ
ਫ਼ਰੀਦਕੋਟ, 11 ਅਪ੍ਰੈਲ – ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਇਲਾਕੇ ਵਿੱਚ ਵਾਪਰ ਰਹੀਆਂ ਹਨ। ਜਿਲ੍ਹੇ ਦੇ ਪਿੰਡ ਅਰਾਈਆਂ ਵਾਲਾ ਕਲਾਂ ਵਿੱਚ ਅੱਜ 12 ਏਕੜ ਪੱਕੀ ਕਣਕ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਚਰਨ ਸਿੰਘ, ਜੀਤ ਸਿੰਘ ਅਤੇ ਨਛੱਛਰ ਸਿੰਘ ਨੇ ਜ਼ਮੀਨ ਠੇਕੇ ‘ਤੇ ਲੈ ਕੇ ਕਣਕ ਬੀਜੀ ਸੀ ਅਤੇ ਅੱਜ ਸ਼ਾਮ ਨੂੰ ਹੀ ਇਹ ਕਣਕ ਵੱਡੀ ਜਾਣੀ ਸੀ। ਚਸ਼ਮਦੀਦਾਂ ਅਨੁਸਾਰ ਕੰਬਾਇਨ ਦੀਆਂ ਤਾਰਾਂ ਸਪਾਰਕ ਹੋਣ ਕਰਕੇ ਕਣਕ ਅੱਗ ਦੀ ਲਪੇਟ ਵਿੱਚ ਆ ਗਈ। ਜਦੋਂ ਕਿ ਕੋਠੇ ਵੜਿੰਗ ਵਿੱਚ ਅਚਾਨਕ ਅੱਗ ਲੱਗਣ ਨਾਲ 20 ਕਿੱਲੇ ਤੋਂ ਵੱਧ ਕਣਕ ਸੜ ਕੇ ਸੁਆਹ ਹੋ ਗਈ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਮਾਲ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਜਿਲ੍ਹੇ ਵਿੱਚ ਕਣਕ ਦੀ ਫਸਲ ਨੂੰ ਅੱਗ ਲਗਣ ਦੀਆਂ ਘਟਨਾਵਾਂ ਦਾ ਵੇਰਵਾ ਮਾਲ ਵਿਭਾਗ ਦੇ ਰਿਕਾਰਡ ਵਿੱਚ ਦਰਜ ਕੀਤਾ ਜਾਵੇ ਅਤੇ ਤੁਰੰਤ ਗਿਰਦਾਵਰੀ ਕੀਤੀ ਜਾਵੇ। ਉਹਨਾਂ ਕਿਹਾ ਕਿ ਪੀੜਤ ਕਿਸਾਨਾਂ ਨੂੰ ਪੰਜਾਬ ਸਰਕਾਰ ਯੋਗ ਮੁਆਵਜ਼ਾ ਦੇਵੇਗੀ। ਉਹਨਾਂ ਕਿਹਾ ਕਿ ਅੱਗ ਬੁਝਾਉ ਦਸਤੇ ਪਿੰਡ ਪੱਧਰ ‘ਤੇ ਤਾਇਨਾਤ ਕੀਤੇ ਜਾਣ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਸਪੈਸ਼ਲ ਗਿਰਦਾਵਰੀ ਕਰਵਾ ਕੇ ਪੀਡ਼ਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਜਿਲ੍ਹੇ ਭਰ ਦੇ ਸਾਰੇ ਅੱਗ ਬੁਝਾਊ ਦਸਤਿਆਂ ਨੂੰ ਚੌਕਸ ਰਹਿਣ ਲਈ ਕਿਹਾ ਹੈ ਅਤੇ ਪਿੰਡਾਂ ਵਿੱਚ ਪੰਚਾਇਤਾਂ ਨੂੰ ਘਰਾਂ ਦੇ ਬਾਹਰ ਕਿਸੇ ਵੀ ਤਰ੍ਹਾਂ ਅੱਗ ਨਾ ਬਾਲਣ ਦੇ ਆਦੇਸ਼ ਦਿੱਤੇ ਹਨ।
ਕੈਪਸ਼ਨ: ਪਿੰਡ ਅਰਾਈਆਂ ਵਾਲਾ ਵਿੱਚ ਸੜੀ ਕਣਕ ਦੇ ਖੇਤ ਦਾ ਮੁਆਇਨਾ ਕਰਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੇ ਕਿਸਾਨ।