ਫਾਸਟੈਗ ਰਿਚਾਰਜ ਲਈ ਗੂਗਲ ਸਰਚ ਕਰਨਾ ਪਿਆ ਭਾਰੀ, ਅਕਾਊਂਟ ਤੋਂ ਨਿਕਲੇ 2.4 ਲੱਖ ਰੁ.
ਚੰਡੀਗੜ੍ਹ, 28 ਅਕਤੂਬਰ (ਡੇਲੀ ਪੋਸਟ ਪੰਜਾਬੀ)- ਡਿਜੀਟਲ ਦੁਨੀਆ ਵਿਚ ਠੱਗੀ ਕਰਨਾ ਪਹਿਲਾਂ ਦੇ ਮੁਕਾਬਲੇ ਆਸਾਨ ਹੋ ਗਿਆ ਹੈ। ਠੱਗਾਂ ਨੂੰ ਆਪਣੇ ਘਰ ਤੋਂ ਬਾਹਰ ਵੀ ਨਹੀਂ ਨਿਕਲਣਾ ਪੈਂਦਾ ਤੇ ਲੋਕਾਂ ਦੇ ਬੈਂਕ ਅਕਾਊਂਟ ਨੂੰ ਖਾਲੀ ਵੀ ਕਰ ਦਿੰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਫਾਸਟੈਗ ਕਾਫੀ ਤੇਜ਼ੀ ਨਾਲ ਹੋ ਰਹੀ ਹੈ। ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਨਾਲਾਸੋਪਾਰਾ ਦਾ ਹੈ ਜਿਥੇ ਫਾਸਟੈਗ ਲਈ ਗੂਗਲ ਸਰਚ ਕਰਨਾ ਇਕ ਸ਼ਖਸ ਨੂੰ ਮਹਿੰਗਾ ਪਿਆ ਤੇ ਉਸ ਦੇ ਖਾਤੇ ਵਿਚੋਂ 2.4 ਲੱਖ ਰੁਪਏ ਨਿਕਲ ਗਏ ਹਨ।
47 ਸਾਲਾ ਸ਼ਖਸ ਨੂੰ ਆਪਣੇ ਫਾਸਟੈਗ ਅਕਾਊਂਟ ਨੂੰ ਰਿਚਾਰਜ ਕਰਨ ਵਿਚ ਪ੍ਰੇਸ਼ਾਨੀ ਹੋ ਰਹੀ ਸੀ ਜਿਸਤੋਂ ਬਾਅਦ ਉਸਨੇ ਗੂਗਲ ‘ਤੇ ਫਾਸਟੈਗ ਦੇ ਕਸਟਮਰ ਕੇਅਰ ਦਾ ਨੰਬਰ ਸਰਚ ਕੀਤਾ। ਸ਼ਖਸ ਨੂੰ ਇਕ ਨੰਬਰ ਮਿਲਿਆ ਜਿਸ ‘ਤੇ ਉਸ ਨੇ ਕਾਲ ਕੀਤਾ ਤੇ ਫੋਨ ‘ਤੇ ਗੱਲ ਕਰਨ ਵਾਲੇ ਸ਼ਖਸ ਨੇ ਖੁਦ ਨੂੰ ਫਾਸਟੈਗ ਦਾ ਕਸਟਮਰ ਐਗਜ਼ੀਕਿਊਟਿਵ ਦੱਸਿਆ ਤੇ ਮਦਦ ਕਰਨ ਦਾ ਵਾਅਦਾ ਕੀਤਾ।
ਕਸਟਮਰ ਕੇਅਰ ਦੀ ਗੱਲ ‘ਤੇ ਭਰੋਸਾ ਕਰਕੇ ਸ਼ਖਸ ਨੇ ਆਪਣੇ ਫੋਨ ਵਿਚ ਰਿਮੋਟ ਕੰਟਰੋਲ ਵਾਲਾ ਐਪ ਡਾਊਨਲੋਡ ਕੀਤਾ। ਇਸ ਦੇ ਬਾਅਦ ਇਸ ਐਪ ਦੀ ਮਦਦ ਨਾਲ ਕਸਟਮਰ ਕੇਅਰ ਬਣ ਕੇ ਗੱਲ ਕਰ ਰਹੇ ਠੱਗ ਨੇ ਸ਼ਖਸ ਦੇ ਖਾਤੇ ਵਿਚੋਂ 6 ਟ੍ਰਾਂਜੈਕਸ਼ਨ ਵਿਚ 2.4 ਲੱਖ ਰੁਪਏ ਕੱਢ ਲਏ। ਇਸ ਦੇ ਬਾਅਦ ਉਸ ਨੇ ਫੋਨ ਕੱਟ ਦਿੱਤਾ ਤੇ ਫੋਨ ਬੰਦ ਕਰ ਦਿੱਤਾ। ਘਟਨਾ ਬਾਰੇ ਸ਼ਿਕਾਇਤ ਦਰਜ ਕਰਾਈ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਸਟਮਰ ਕੇਅਰ ਲਈ ਨੰਬਰ ਲਈ ਸਿੱਧੇ ਸਬੰਧਤ ਕੰਪਨੀ ਦੀ ਸਾਈਟ ‘ਤੇ ਜਾਓ।
ਗੂਗਲ ‘ਤੇ ਸਰਚ ਕਰਕੇ ਕਸਟਮਰ ਕੇਅਰ ਦਾ ਨੰਬਰ ਨਾ ਕੱਢੋ।
ਕਿਸੇ ਦੇ ਕਹਿਣ ‘ਤੇ ਆਪਣੇ ਫੋਨ ਵਿਚ ਕੋਈ ਵੀ ਐਪ ਇੰਸਟਾਲ ਨਾ ਕਰੋ।
ਬੈਂਕ ਡਿਟੇਲ ਦੀ ਜਾਣਕਾਰੀ ਕਿਸੇ ਨਾਲ ਸਾਂਝਾ ਨਾ ਕਰੋ।