ਬਠਿੰਡਾ ‘ਚ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ ‘ਤੇ ਵਿਜੀਲੈਂਸ ਨੇ ਮਾਰਿਆ ਛਾਪਾ
ਬਠਿੰਡਾ, 6 ਅਕਤੂਬਰ (ਰੋਜਾਨਾ ਸਪੋਕਸਮੈਨ)- ਜ਼ਮੀਨ ਅਲਾਟਮੈਂਟ ਮਾਮਲੇ ਵਿਚ ਫਸੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਭਾਲ ਵਿੱਚ ਵਿਜੀਲੈਂਸ ਨੇ ਉਨ੍ਹਾਂ ਦੇ ਗੰਨਮੈਨ ਦੇ ਘਰ ਛਾਪਾ ਮਾਰਿਆ। ਗੰਨਮੈਨ ਗੁਰਤੇਜ ਸਿੰਘ ਦਾ ਮਕਾਨ ਨੰਬਰ 703 ਬਠਿੰਡਾ ਦੇ ਗ੍ਰੀਨ ਸਿਟੀ ਵਿੱਚ ਹੈ। ਹਾਲਾਂਕਿ ਵਿਜੀਲੈਂਸ ਨੂੰ ਇੱਥੋਂ ਖਾਲੀ ਹੱਥ ਪਰਤਣਾ ਪਿਆ। ਪੁਲਿਸ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਂਦੀ ਰਹੀ ਪਰ ਕੋਈ ਬਾਹਰ ਨਹੀਂ ਆਇਆ। ਇਸ ਤੋਂ ਬਾਅਦ ਵਿਜੀਲੈਂਸ ਨੂੰ 2 ਹੋਰ ਘਰਾਂ ਦੀ ਸੂਚਨਾ ਮਿਲੀ। ਵਿਜੀਲੈਂਸ ਉੱਥੇ ਵੀ ਪਹੁੰਚੀ ਪਰ ਕੋਈ ਵੀ ਨਹੀਂ ਮਿਲਿਆ।
ਵਿਜੀਲੈਂਸ ਗੁਰਤੇਜ ਸਿੰਘ ਦੀ ਵੀ ਭਾਲ ਕਰ ਰਹੀ ਹੈ, ਜੋ ਮਨਪ੍ਰੀਤ ਬਾਦਲ ਦਾ ਗੰਨਮੈਨ ਸੀ। ਗੁਰਤੇਜ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਵਿਜੀਲੈਂਸ ਨੇ ਗੁਰਤੇਜ ਨੂੰ ਨੋਟਿਸ ਵੀ ਜਾਰੀ ਕੀਤਾ ਸੀ ਪਰ ਉਸ ਨੇ ਨਾ ਤਾਂ ਨੋਟਿਸ ਦਾ ਜਵਾਬ ਦਿੱਤਾ ਅਤੇ ਨਾ ਹੀ ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਲ ਹੋਇਆ। ਬਠਿੰਡਾ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਅਦਾਲਤ ਨੇ ਮਨਪ੍ਰੀਤ ਬਾਦਲ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਸ ਦੇ ਖਿਲਾਫ ਲੁੱਕਆਊਟ ਸਰਕੂਲਰ (ਐੱਲ.ਓ.ਸੀ.) ਜਾਰੀ ਕੀਤਾ ਗਿਆ ਸੀ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ।
ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਬਠਿੰਡਾ ਵਿਜੀਲੈਂਸ ਦੀ ਟੀਮ ਨੇ ਮਨਪ੍ਰੀਤ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ, ਹਰਿਆਣਾ, ਹਿਮਾਚਲ, ਉਤਰਾਖੰਡ, ਰਾਜਸਥਾਨ ਅਤੇ ਦਿੱਲੀ ਵਿੱਚ ਛਾਪੇਮਾਰੀ ਕੀਤੀ ਹੈ ਪਰ ਮਨਪ੍ਰੀਤ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਨਾਲ ਹੀ ਦੱਸ ਦੇਈਏ ਕਿ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਦੇ ਗੰਨਮੈਨ ਗੁਰਤੇਜ ਸਿੰਘ ਦੀ ਆਮਦਨ ਤੋਂ ਵੱਧ ਬਣਾਈ ਗਈ ਜਾਇਦਾਦ ਅਤੇ ਕੀਤੇ ਘਪਲਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਵਿਜੀਲੈਂਸ ਦੀ ਜਾਂਚ ’ਚ ਹੋਇਆ ਪ੍ਰਗਟਾਵਾ
ਕਰੋੜਪਤੀ ਹੈ ਮਨਪ੍ਰੀਤ ਬਾਦਲ ਦਾ ਗੰਨਮੈਨ ਗੁਰਤੇਜ ਸਿੰਘ
1. ਬਠਿੰਡਾ ’ਚ 3 ਕਰੋੜ ਖਰਚ ਕਰ ਕੇ ਬਣਾਈ ਆਲੀਸ਼ਾਨ ਕੋਠੀ
2. ਗਰੀਨ ਸਿਟੀ ਬਠਿੰਡਾ ’ਚ ਵੀ ਹੈ 150 ਵਰਗ ਗਜ਼ ਦਾ ਮਕਾਨ
3. ਗੰਨਮੈਨ ਦੇ ਨਾਂ ਹੈ ਕਾਕੇ ਦੀ ਹੱਟੀ (ਢਾਬਾ)
3. ਸਕਾਰਪਿਉ ਅਤੇ ਮਹਿੰਦਰਾ ਥਾਰ ਦਾ ਮਾਲਕ
4. ਗੋਨੋਆਣਾ ਮੰਡੀ ਜ਼ਿਲ੍ਹਾ ਬਠਿੰਡਾ ’ਚ ਸਾਲ 2021—22 ਵਿਚ ਪਲਾਟ ਵੇਚਿਆ
4. ਮੇਨ ਰੋਡ ਬਠਿੰਡਾ ਮਕਾਨ ਸਾਲ 2021—22 ਵਿੱਚ ਵੇਚਿਆ
5. ਰਾਮੇਬ ਕੁਮਾਰ ਵਾਸੀ ਪਰਸਰਾਮ ਨਗਰ ਬਠਿੰਡਾ ਦੇ ਨਾਂ ’ਤੇ ਬਠਿੰਡਾ ’ਚ ਕਰਵਾਈ 205 ਗਜ ਦੇ ਪਲਾਟ ਦੀ ਰਜਿਸਟਰੀ