ਬਠਿੰਡਾ ‘ਚ NIA ਵੱਲੋਂ ਛਾਪੇਮਾਰੀ: ਨੌਜਵਾਨ ਹਿਰਾਸਤ ‘ਚ ਲਿਆ
ਬਠਿੰਡਾ, 17 ਮਈ (ਬਾਬੂਸ਼ਾਹੀ)- ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਐੱਨ ਆਈ ਏ ਨੇ ਅੱਜ ਬਠਿੰਡਾ ਦੀ ਚੰਦਰ ਬਸਤੀ ਵਿੱਚ ਛਾਪਾ ਮਾਰਿਆ ਜਿਥੋਂ ਖੋਖਰ ਨਾਮਕ ਨੌਜਵਾਨ ਨੂੰ ਹਿਰਾਸਤ ‘ਚ ਲਿਆ ਹੈ। ਹਿਰਾਸਤ ਵਿਚ ਲੈਣ ਪਿੱਛੋਂ ਅਧਿਕਾਰੀ ਖੋਖਰ ਨੂੰ ਥਾਣਾ ਸਿਵਲ ਲਾਈਨ ਲਾਏ ਗਏ ਹਨ ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਇਸ ਨੌਜਵਾਨ ਦੇ ਸਬੰਧ ਗੈਂਗਸਟਰਾਂ ਨਾਲ ਹਨ ਜਿਸ ਕਰਕੇ ਉਸ ਖਿਲਾਫ ਅੱਜ ਐੱਨ ਆਈ ਏ ਨੇ ਕਾਰਵਾਈ ਕੀਤੀ ਹੈ।
ਪਤਾ ਲੱਗਿਆ ਹੈ ਕਿ ਮੁੱਢਲੀ ਪੜਤਾਲ ਤੋਂ ਬਾਅਦ ਖੋਖਰ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਛਾਪਾਮਾਰ ਟੀਮਾਂ ਇਸ ਮਾਮਲੇ ਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਖੋਖਰ ਇੱਕ ਅਪਰਾਧਿਕ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਸੀ। ਇਹ ਨੌਜਵਾਨ ਕੁੱਝ ਸਮਾਂ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਸੂਤਰਾਂ ਨੇ ਦੱਸਿਆ ਹੈ ਕਿ ਖੋਖਰ ਦੀ ਨੇੜਤਾ ਗੈਂਗਸਟਰ ਅਰਸ਼ ਡੱਲਾ ਨਾਲ ਹੈ। ਦੱਸਿਆ ਜਾਂਦਾ ਹੈ ਕਿ ਜਗਰਾਉਂ ਕਤਲ ਕਾਂਡ ਵਿੱਚ ਖੋਖਰ ਨੇ ਮੁਲਜ਼ਮਾਂ ਨੂੰ ਕਾਰਤੂਸ ਵਗੈਰਾ ਮੁਹੱਈਆ ਕਰਵਾਏ ਸਨ।