ਬਠਿੰਡਾ CIA-2 ਨੇ ਜਾਅਲੀ IMEI ਨੰਬਰਾਂ ਨਾਲ ਵੇਚਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 320 ਮੋਬਾਈਲ ਤੇ ਹੋਰ ਸਾਮਾਨ ਬਰਾਮਦ
ਬਠਿੰਡਾ, 18 ਸਤੰਬਰ (ਡੇਲੀ ਪੋਸਟ ਪੰਜਾਬੀ)- ਬਠਿੰਡਾ CIA -2 ਦੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਜਾਅਲੀ IMEI ਨੰਬਰ ਲਗਾ ਕੇ ਅਤੇ ਉਨ੍ਹਾਂ ਦੇ ਸਪੇਅਰ ਪਾਰਟਸ ਨਾਲ ਛੇੜਛਾੜ ਕਰਕੇ ਚੋਰੀ ਕੀਤੇ ਮੋਬਾਈਲ ਵੇਚਦਾ ਸੀ। ਇਸ ਗਰੋਹ ਕੋਲੋਂ 320 ਮੋਬਾਈਲ, 340 ਮੋਬਾਈਲ ਚਾਰਜਰ ਅਤੇ 1100 ਮਦਰ ਬੋਰਡ ਬਰਾਮਦ ਕੀਤੇ ਗਏ ਹਨ। ਦੋਸ਼ੀ ਦਿੱਲੀ ਤੋਂ ਸਪੇਅਰ ਪਾਰਟਸ ਖਰੀਦਦੇ ਸੀ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਮੁਲਜ਼ਮ ਹੁਣ ਤੱਕ ਲੱਖਾਂ ਰੁਪਏ ਦੇ ਮੋਬਾਈਲ ਵੇਚ ਚੁੱਕੇ ਹਨ।
ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਸੋਹਣ ਲਾਲ ਉਰਫ਼ ਮੋਨੂੰ ਵਾਸੀ ਅਜੀਤ ਰੋਡ ਬਠਿੰਡਾ, ਮੁਨੀਸ਼ ਕੁਮਾਰ ਉਰਫ਼ ਰੋਹਿਤ, ਰਾਜਨ ਨਾਰੰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਂਟ ਥਾਣਾ ਅਤੇ ਸਿਵਲ ਲਾਈਨ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਐਤਵਾਰ ਨੂੰ CIA ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਪੁਲਿਸ ਨੇ ਕਿਹਾ ਸੀ ਕਿ ਸਿਰਫ 75 ਮੋਬਾਈਲ ਫੋਨ ਮਿਲੇ ਹਨ। SP ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ CIA -2 ਸਟਾਫ਼ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੋਹਣ ਲਾਲ ਉਰਫ਼ ਮੋਨੂੰ, ਮੁਨੀਸ਼ ਕੁਮਾਰ ਅਤੇ ਰਾਜਨ ਨਾਰੰਗ ਦਿੱਲੀ ਤੋਂ ਚੋਰੀ ਕੀਤੇ ਮੋਬਾਈਲਾਂ ਦੇ ਸਪੇਅਰ ਪਾਰਟਸ ਖਰੀਦਦੇ ਹਨ ਅਤੇ ਉਨ੍ਹਾਂ ਨਾਲ ਛੇੜਛਾੜ ਕਰਨ ਤੋਂ ਬਾਅਦ ਜਾਅਲੀ IMEI ਨੰਬਰ ਦੇ ਕੇ ਲੋਕਾਂ ਨੂੰ ਵੇਚਦੇ ਹਨ।
ਸੂਚਨਾ ਮਿਲਣ ‘ਤੇ ਪੁਲਿਸ ਨੇ ਸ਼ਹਿਰ ਦੇ ਬੀਬੀਵਾਲਾ ਰੋਡ ਅਤੇ ਅਜੀਤ ਰੋਡ ‘ਤੇ ਛਾਪੇਮਾਰੀ ਕਰਕੇ ਮੁਲਜ਼ਮ ਸੋਹਣ ਲਾਲ ਉਰਫ਼ ਮੋਨੂੰ, ਮੁਨੀਸ਼ ਕੁਮਾਰ, ਰਾਜਨ ਨਾਰੰਗ ਨੂੰ ਗ੍ਰਿਫ਼ਤਾਰ ਕਰ ਕੇ 320 ਮੋਬਾਈਲ, 340 ਮੋਬਾਈਲ ਚਾਰਜਰ, 1100 ਮਦਰਬੋਰਡ ਬਰਾਮਦ ਕੀਤੇ ਹਨ। ਐਸਪੀ ਸਿਟੀ ਨੇ ਦੱਸਿਆ ਕਿ ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਮੁਲਜ਼ਮਾਂ ਨੇ ਹੁਣ ਤੱਕ ਮੋਬਾਈਲ ਕਿੱਥੇ ਵੇਚੇ ਹਨ।
ਸੂਤਰਾਂ ਅਨੁਸਾਰ ਤਿੰਨੋਂ ਮੁਲਜ਼ਮ ਸ਼ਹਿਰ ਵਿੱਚ ਆਪਣੇ ਇੱਕ ਟਿਕਾਣੇ ’ਤੇ ਜਾਅਲੀ IMEI ਨੰਬਰ ਲਗਾ ਕੇ ਵੱਖ-ਵੱਖ ਕੰਪਨੀਆਂ ਦੇ ਸਟਿੱਕਰ ਲਗਾਉਂਦੇ ਸਨ। ਜਿਸ ਤੋਂ ਬਾਅਦ ਇਨ੍ਹਾਂ ਨੂੰ ਡੱਬਿਆਂ ਵਿੱਚ ਪੈਕ ਕਰਕੇ ਅੱਗੇ ਲੋਕਾਂ ਨੂੰ ਵੇਚ ਦਿੱਤਾ ਜਾਂਦਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਹੁਣ ਤੱਕ ਲੱਖਾਂ ਰੁਪਏ ਦੇ ਮੋਬਾਈਲ ਵੇਚ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਸੂਬੇ ਵਿੱਚ ਨਾ ਸਿਰਫ਼ ਜਾਅਲੀ IMEI ਨੰਬਰਾਂ ਦੀ ਵਰਤੋਂ ਕਰਕੇ ਛੋਟੇ ਮੋਬਾਈਲ ਫ਼ੋਨ ਵੇਚਣ ਦਾ ਧੰਦਾ ਚੱਲ ਰਿਹਾ ਹੈ, ਸਗੋਂ ਵੱਡੇ ਫ਼ੋਨ ਵੀ ਇਸੇ ਤਰ੍ਹਾਂ ਅੰਨ੍ਹੇਵਾਹ ਵੇਚੇ ਜਾ ਰਹੇ ਹਨ। ਜਿਸ ਦਾ ਖੁਲਾਸਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਸਕਦਾ ਹੈ।