ਬਹਿਬਲ ਗੋਲੀ ਕਾਂਡ: ਸੁਮੇਧ ਸੈਣੀ ਅਦਾਲਤ ਸਾਹਮਣੇ ਨਹੀਂ ਹੋਏ ਪੇਸ਼
ਫ਼ਰੀਦਕੋਟ, 11 ਮਾਰਚ – (ਪ੍ਰਸ਼ੋਤਮ ਕੁਮਾਰ) – ਬਹਿਬਲ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਅੱਜ ਨਿੱਜੀ ਤੌਰ ‘ਤੇ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ। ਦੱਸਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਪੇਸ਼ੀ ਤੇ ਗ੍ਰਿਫ਼ਤਾਰੀ ਉੱਪਰ ਰੋਕ ਲਾਈ ਹੋਈ ਸੀ ਪਰੰਤੂ ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਹੀ ਹਾਈਕੋਰਟ ਦੇ ਇਸ ਫੈਸਲੇ ਨੂੰ ਆਧਾਰਹੀਣ ਦੱਸਿਆ ਸੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਆਦੇਸ਼ ਦਿੱਤੇ ਸਨ ਕਿ ਸੁਮੇਧ ਸੈਣੀ ਨੂੰ ਮਿਲੀ ਬਲੈਂਕੇਟ ਬੇਲ ਉੱਪਰ ਪੁਨਰ-ਵਿਚਾਰ ਕੀਤਾ ਜਾਵੇ। ਸਾਬਕਾ ਡੀ.ਜੀ.ਪੀ ਨੇ ਫ਼ਰੀਦਕੋਟ ਦੀ ਅਦਾਲਤ ਵਿੱਚ ਅਰਜੀ ਦੇ ਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ। ਸਾਬਕਾ ਪੁਲੀਸ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ 19 ਮਾਰਚ ਤੱਕ ਉਸ ਦੀ ਪਟੀਸ਼ਨ ‘ਤੇ ਪੁਨਰ ਵਿਚਾਰ ਕਰ ਸਕਦੀ ਹੈ। ਇਸ ਲਈ ਉਸ ਨੂੰ ਅੱਜ ਲਈ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਜਾਵੇ। ਅਦਾਲਤ ਨੇ ਸਾਬਕਾ ਡੀਜੀਪੀ ਦੀ ਅੱਜ ਲਈ ਹਾਜਰੀ ਮੁਆਫ਼ ਕਰਨ ਤੋਂ ਬਾਅਦ ਅਗਲੀ ਸੁਣਵਾਈ 25 ਮਾਰਚ ਨਿਸਚਿਤ ਕੀਤੀ ਹੈ। ਅਦਾਲਤ ਵਿੱਚ ਸੁਣਵਾਈ ਦੌਰਾਨ ਆਈ.ਜੀ.ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਪੁਲੀਸ ਮੁਖੀ ਚਰਨਜੀਤ ਸ਼ਰਮਾ, ਐੱਸ.ਪੀ ਬਿਕਰਮ ਸਿੰਘ ਅਤੇ ਬਾਕੀ ਮੁਲਜ਼ਮ ਵੀ ਅਦਾਲਤ ਵਿੱਚ ਹਾਜਰ ਸਨ।
ਕੈਪਸ਼ਨ: ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ।