ਬਾਗੀ ਸੁਰਾਂ ਤੋਂ ਬਾਅਦ ਹੁਣ ਕੁੰਵਰ ਵਿਜੈਪ੍ਰਤਾਪ ਨੇ ਵਿਧਾਨ ਸਭਾ ‘ਚ ਸਰਕਾਰ ਨੂੰ ਘੇਰਨ ਦੀ ਖਿੱਚੀ ਤਿਆਰੀ, ਸਪੀਕਰ ਅੱਗੇ ਰੱਖੀਆਂ ਆਹ ਮੰਗਾਂ
ਚੰਡੀਗੜ੍ਹ, 5 ਅਗਸਤ (ਏਬੀਪੀ ਸਾਂਝਾ)- ਅਕਤੂਬਰ 2015 ‘ਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਾਅਦ ਵਿੱਚ ਹੋਏ ਗੋਲੀਕਾਂਡ ਮਾਮਲੇ ‘ਤੇ ਹਾਲੇ ਤੱਕ ਇਨਸਾਫ਼ ਨਹੀਂ ਮਿਲ ਸਕਿਆ। ਜਿਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈਪ੍ਰਤਾਪ ਸਿੰਘ ਇਸ ਮੁੱਦੇ ‘ਤੇ ਸਪੈਸ਼ਲ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ।
ਆਪ’ ਵਿਧਾਇਕ ਕੁੰਵਰ ਵਿਜੈਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ, ਮੰਗ ਕੀਤੀ ਕਿ ਸਾਲ 2015 ‘ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਉਸ ਤੋਂ ਬਾਅਦ ਹੋਈ ਗੋਲੀਬਾਰੀ, ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਸਣੇ ਹੋਰ ਮੁੱਦਿਆਂ ‘ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਨੇ ਕਿਹਾ ਕਿ ਮੈਂ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਾਹਬ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਤਿੰਨ ਜਰੂਰੀ ਅਤੇ ਮਹੱਤਵਪੂਰਨ ਮੁੱਦਿਆਂ ‘ਤੇ ਵਿਧਾਨ ਸਭਾ ਦੀਆਂ ਤਿੰਨ ਵਿਸ਼ੇਸ਼ ਬੈਠਕਾਂ ਬੁਲਾਉਣ ਦੀ ਲਿਖਤੀ ਰੂਪ ਵਿੱਚ ਬੇਨਤੀ ਕੀਤੀ ।
ਇਹ ਮੁੱਦੇ ਹਨ:
1. ਬਰਗਾੜੀ, ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਕੇਸ; ਜਿਨ੍ਹਾਂ ਵਿੱਚ ਹਾਲ ਦੇ ਘਟਨਾਕ੍ਰਮ ਜਿਵੇਂ ਕਿ ਫਰੀਦਕੋਟ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਮੁਕੱਦਮੇ ਨੂੰ ਤਬਦੀਲ ਕੀਤਾ ਗਿਆ ਹੈ।
2. ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ (MSP) ਕਾਨੂੰਨ, ਖੇਤੀ ਕਰਜ਼ਾ ਅਤੇ ਹੋਰ ਜੁੜੇ ਮੁੱਦੇ।
3. ਅੰਮ੍ਰਿਤਸਰ ਸ਼ਹਿਰ ਦਾ ਸੀਵਰੇਜ ਓਵਰਫਲੋਅ, ਗੰਦਾ ਪਾਣੀ ਅਤੇ ਕੂੜਾ ਚੁੱਕਣ ਦੇ ਮੁੱਦੇ ਅਤੇ ਅੰਮ੍ਰਿਤਸਰ ਨਗਰ ਨਿਗਮ ਦੀ ਪੂਰਨ ਵਿਫਲਤਾ।
ਵਿਧਾਇਕ ਕੁੰਵਰ ਵਿਜੈਪ੍ਰਤਾਪ ਸਿੰਘ ਨੇ ਨਿੱਜੀ ਤੌਰ ‘ਤੇ ਸਪੀਕਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਕੋਲ ਆਪਣੀ ਮੰਗ ਰੱਖੀ ਹੈ। ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਇਨ੍ਹਾਂ ਮੁੱਦਿਆਂ ਨੂੰ ਉਠਾਉਣ ਲਈ ਘੱਟੋ-ਘੱਟ 40 ਮਿੰਟ ਦਾ ਸਮਾਂ ਦੇਣ ਦੀ ਵੀ ਅਪੀਲ ਕੀਤੀ ਹੈ। ਜਸਟਿਸ ਰਣਜੀਤ ਸਿੰਘ ਕਮੇਟੀ ਦੀ ਰਿਪੋਰਟ ‘ਤੇ ਸਤੰਬਰ 2018 `ਚ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੇ ਰਿਕਾਰਡ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਲ 2015 ‘ਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੇ ਬੇਅਦਬੀ ਕਾਂਡ, ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲਿਆਂ ਦੀ ਸਥਿਤੀ ਸਪੱਸ਼ਟ ਹੋਣੀ ਚਾਹੀਦੀ ਹੈ।