ਬਾਬਾ ਫਰੀਦ ਪਬਲਿਕ ਸਕੂਲ ਵਿਖੇ ਸੀਰ ਸੁਸਾਇਟੀ ਵੱਲੋਂ ਗ੍ਰੀਨ ਦਿਵਾਲੀ ਮਨਾਉਣ ਦਾ ਸੰਦੇਸ਼- ਪ੍ਰਿੰਸੀਪਲ ਕੁਲਦੀਪ ਕੋਰ
ਫਰੀਦਕੋਟ 3 ਨਵੰਬਰ (ਪੰਜਾਬ ਡਾਇਰੀ)- ਬਾਬਾ ਫਰੀਦ ਪਬਲਿਕ ਸਕੂਲ ਵਿਖੇ ਸੀਰ ਸੁਸਾਇਟੀ ਵੱਲੋਂ ਸ.ਹਰਪਾਲ ਸਿੰਘ ਅਤੇ ਉਨਾਂ ਦੀ ਟੀਮ ਨੇ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਕਰਨ ਅਤੇ ਹਰਿਆ ਭਰਿਆ ਬਣਾਉਣ ਸਬੰਧੀ ਗਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਨੇ ਬੱਚਿਆਂ ਨੂੰ ਗੁਰਬਾਣੀ ਦਾ ਹਵਾਲਾ ਦਿੰਦੇ ਹੋਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਵਾਕ ਅਨੁਸਾਰ ਪਾਣੀ ਹਵਾ ਅਤੇ ਧਰਤੀ ਨੂੰ ਸ਼ੁੱਧ ਰੱਖਣ ਸਬੰਧੀ ਜਾਗਰੂਕ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਗਰੀਨ ਦਿਵਾਲੀ ਮਨਾਉਣ ਲਈ ਸੰਦੇਸ਼ ਦਿੱਤਾ ਅਤੇ ਕਿਹਾ ਗਿਆ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਧਰਤੀ ਨੂੰ ਹਰਿਆ ਭਰਿਆ ਰੱਖੀਏ ਅਤੇ ਇਸ ਨੂੰ ਪ੍ਰਦੂਸ਼ਣ ਰਹਿਤ ਕਰਕੇ ਆਪਣੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਧਰਤੀ ਨੂੰ ਸਾਫ ਸੁਥਰੀ ਅਤੇ ਸ਼ੁੱਧ ਰੱਖ ਸਕੀਏ।
ਅਦਾਰੇ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਜੀ ਵੱਲੋਂ ਸਕੂਲ ਵਿੱਚ ਪਹੁੰਚੇ ਸੀਰ ਸੁਸਾਇਟੀ ਕਮੇਟੀ ਦੇ ਮੈਬਰ ਸ. ਜਗਪਾਲ ਸਿੰਘ ਬਰਾੜ, ਸ. ਗੁਰਮੇਲ ਸਿੰਘ ਕੈਂਥ, ਮਿਸਟਰ ਕੇਵਲ ਕਿਸ਼ਨ ਕਟਾਰੀਆਂ, ਮਿਸਟਰ ਭੂਪੇਸ਼ ਗਰਗ ਅਤੇ ਸ. ਕੁਲਮੀਤ ਸਿੰਘ ਜੀ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਸੀਰ ਸੋਸਾਇਟੀ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਕਰ ਰਹੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਆਪਣੇ ਵਾਤਾਵਰਨ ਨੂੰ ਸ਼ੁੱਧ ਰੱਖਣ ਪ੍ਰਤੀ ਹਰ ਸੰਭਵ ਕੋਸ਼ਿਸ਼ ਕਰਦੇ ਰਹਾਂਗੇ ਆਪਣੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਪਾਣੀ, ਹਵਾ ਅਤੇ ਧਰਤੀ ਨੂੰ ਬਚਾ ਕੇ ਰੱਖਾਂਗੇ ਤਾਂ ਜੋ ਅਸੀਂ ਇਸ ਰਸਤੇ ਤੇ ਚਲਦੇ ਹੋਏ ਆਪਣਾ ਤੰਦਰੁਸਤ ਜੀਵਨ ਜਿਉਂ ਸਕੀਏ।
ਉਹਨਾਂ ਨੇ ਦੱਸਿਆ ਕਿ ਸਕੂਲ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਹਰ ਸਾਲ ਵਿਦਿਆਰਥੀਆਂ ਨੂੰ ਗਰੀਨ ਦਿਵਾਲੀ ਦਾ ਸੰਦੇਸ਼ ਦਿੱਤਾ ਜਾਂਦਾ ਹੈ, ਇੱਥੋ ਤੱਕ ਕਿ ਜਦੋਂ ਵੀ ਕਿਸੇ ਨੂੰ ਦਿਵਾਲੀ ਦੀ ਵਧਾਈ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਪੌਦੇ ਵੀ ਭੇਂਟ ਕੀਤੇ ਜਾਂਦੇ ਹਨ। ਅਦਾਰੇ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਕਿਹਾ ਕਿ ਅਦਾਰਾ ਹਰ ਸਾਲ ਹੀ ਇਸ ਰਸਤੇ ਤੇ ਚੱਲਦਿਆਂ ਗਰੀਨ ਦਿਵਾਲੀ ਮਨਾ ਰਿਹਾ ਹੈ। ਅਖ਼ੀਰ ਵਿੱਚ ਉਹਨਾਂ ਨੇ ਇੱਕ ਵਾਰ ਫਿਰ ਵਿਦਿਆਰਥੀਆਂ ਨੂੰ ਪਟਾਕੇ ਨਾ ਚਲਾ ਕੇ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਅਸੀਂ ਆਪਣਾ ਵਾਤਾਵਰਣ ਹਰਿਆ ਭਰਿਆ ਅਤੇ ਸਾਫ ਸੁਥਰਾ ਬਣਾ ਸਕੀਏ। ਅੰਤ ਵਿੱਚ ਸੀਰ ਸੁਸਾਇਟੀ ਦੇ ਮੈਂਬਰ ਸ. ਹਰਪਾਲ ਸਿੰਘ ਜੀ ਨੇ ਕਿਹਾ ਕਿ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਬਾਬਾ ਫਰੀਦ ਵਿੱਦਿਅਕ ਸੰਸਥਾਵਾਂ ਦਾ ਨਿਰਮਾਣ ਕਰਕੇ ਫਰੀਦਕੋਟ ਨੂੰ ਬਹੁਤ ਵੱਡੀ ਦੇਣ ਬਖਸ਼ੀ ਹੈ ਤੇ ਫਰੀਦਕੋਟ ਵਾਸੀ ਉਹਨਾਂ ਦੇ ਇਸ ਸ਼ਲਾਘਾਯੋਗ ਕਦਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।