ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲਿਆ ਵਾਇਸ ਚਾਂਸਲਰ, ਡਾ. ਰਾਜੀਵ ਸੂਦ ਨੇ ਸੰਭਾਲਿਆ ਅਹੁਦਾ
ਫਰੀਦਕੋਟ, 17 ਜੁਲਾਈ (ਏਬੀਪੀ ਸਾਂਝਾ)- ਸਿਹਤ ਮੰਤਰੀ ਨਾਲ ਹੋਏ ਵਿਵਾਦ ਤੋਂ ਬਾਅਦ ਡਾ. ਰਾਜ ਬਹਾਦੁਰ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਰੀਬ ਇੱਕ ਸਾਲ ਦਾ ਵਕਫਾ ਇਹ ਅਹੁਦਾ ਖਾਲੀ ਰਿਹਾ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਡਾਕਟਰ ਅਵਿਨਾਸ਼ ਚੰਦਰ ਨੂੰ ਕਾਰਜਕਾਰੀ ਵਾਇਸ ਚਾਂਸਲਰ ਨਿਯੁਕਤ ਕੀਤਾ ਗਿਆ ਸੀ।
ਇਸ ਤੋਂ ਬਾਅਦ ਪੱਕੇ ਤੌਰ ‘ਤੇ ਵੀਸੀ ਨਿਯੁਕਤੀ ਲਈ ਕਈ ਤਰ੍ਹਾਂ ਦੀਆਂ ਅੜਚਨਾਂ ਸਾਹਮਣੇ ਆਉਂਦੀਆਂ ਰਹੀਆਂ ਪਰ ਹੁਣ ਇੱਕ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਯੂਨੀਵਰਸਿਟੀ ਨੂੰ ਡਾਕਟਰ ਰਾਜੀਵ ਸੂਦ ਦੇ ਰੂਪ ਵਿੱਚ ਵੀਸੀ ਮਿਲ ਗਿਆ। ਉਨ੍ਹਾਂ ਵੱਲੋਂ ਅੱਜ ਵਿਧਾਇਕ ਗੁਰਦਿੱਤ ਸਿੰਘ ਦੀ ਹਾਜ਼ਰੀ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਗਿਆ।
ਇਸ ਮੌਕੇ ਉਨ੍ਹਾਂ ਵੱਲੋਂ ਪਹਿਲਾਂ ਬਾਬਾ ਫਰੀਦ ਜੀ ਦੇ ਅਸਥਾਨ ਤੇ ਮੱਥਾ ਟੇਕਿਆ ਗਿਆ। ਇਸ ਵਕਤ ਉਨ੍ਹਾਂ ਦੀ ਧਰਮ ਪਤਨੀ ਵੀ ਉਨ੍ਹਾਂ ਨਾਲ ਮੌਜੂਦ ਰਹੇ। ਡਾਕਟਰ ਰਾਜੀਵ ਸੂਦ ਦਿੱਲੀ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਪ੍ਰੋਫੈਸਰ ਦੇ ਰੂਪ ਵਿੱਚ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਵੱਲੋਂ ਵੀਸੀ ਦਾ ਅਹੁਦਾ ਮਿਲਣ ਤੋਂ ਬਾਅਦ ਆਪਣੀ ਇੱਛਾ ਨਾਲ ਅਸਤੀਫਾ ਦੇ ਕੇ ਆਪਣਾ ਪਹਿਲਾ ਅਹੁਦਾ ਛੱਡਿਆ।
ਇਸ ਮੌਕੇ ਡਾਕਟਰ ਰਾਜੀਵ ਸੂਦ ਨੇ ਕਿਹਾ ਕਿ ਉਨ੍ਹਾਂ ਦਾ ਲੰਬਾ ਤਜਰਬਾ ਰਿਹਾ ਹੈ ਜਿਸ ਤਹਿਤ ਮੈਨਜਮੈਂਟ ਦੀ ਜਿੰਮੇਵਾਰੀ ਚੰਗੀ ਤਰ੍ਹਾਂ ਨਿਭਾਅ ਸਕਦੇ ਹਨ। ਇਸ ਦੇ ਨਾਲ ਹੀ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਭ ਦੀ ਗੱਲ ਸੁਣ ਕੇ ਉਸ ਦੇ ਹੱਲ ਕੱਢੇ ਜਾਣਗੇ। ਇਸ ਦੇ ਨਾਲ ਹੀ ਪੁਰਾਣੇ ਵੀਸੀ ਸਾਹਿਬ ਨਾਲ ਰਾਬਤਾ ਕਾਇਮ ਕਰ ਇੱਥੋਂ ਦੀਆਂ ਮੁਸ਼ਕਲਾਂ ਤੇ ਉਨ੍ਹਾਂ ਦੇ ਹੱਲ ਸਬੰਧੀ ਕੋਸ਼ਿਸ ਕੀਤੀ ਜਵੇਗੀ।
ਉਨ੍ਹਾਂ ਕਿਹਾ ਕਿ ਮੇਰੀ ਪਹਿਲ ਮੈਡੀਕਲ ਪੜ੍ਹੀਈ ਤੇ ਸਭ ਨੂੰ ਵਧੀਆ ਇਲਾਜ ਰਹੇਗੀ। ਉਨ੍ਹਾਂ ਸਟਾਫ ਨਾਲ ਸਬੰਧਤ ਮੰਗਾਂ ਨੂੰ ਵੀ ਹਲ ਕਰਨ ਦੀ ਗੱਲ ਕਹੀ। ਇਸ ਮੌਕੇ ਮੈਡੀਕਲ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਨੂੰ ਵੀ ਜਲਦ ਪੂਰਾ ਕਰਨ ਲਈ ਸਰਕਾਰ ਨਾਲ ਗੱਲਬਾਤ ਕਰ ਹਲ ਕੱਢਣ ਦੀ ਗੱਲ ਕਹੀ ਤੇ ਯੂਨੀਵਰਸਿਟੀ ਨੂੰ ਬੁਲੰਦੀਆਂ ਤੇ ਲਿਜਾਣ ਦਾ ਵਾਅਦਾ ਕੀਤਾ।