ਬਾਬਾ ਫ਼ਰੀਦ ਆਗਮਨ-ਪੁਰਬ ਮੌਕੇ ਸੇਵਾਦਾਰਾਂ ਦੀਆਂ ਡਿਊਟੀਆਂ ਲਾਉਣ ਸਬੰਧੀ ਅਹਿਮ ਮੀਟਿੰਗ ਹੋਈ
ਫ਼ਰੀਦਕੋਟ, 14 ਸਤੰਬਰ (ਪੰਜਾਬ ਡਾਇਰੀ)- ਬਾਬਾ ਫ਼ਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਦੀ ਰਹਿਨੁਮਾਈ ਹੇਠ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ-ਪੁਰਬ ਨੂੰ ਸਮਰਪਿਤ ਇੱਕ ਅਹਿਮ ਮੀਟਿੰਗ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਹੋਈ । ਬਾਬਾ ਫਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾ. ਗੁਰਇੰਦਰ ਮੋਹਨ ਸਿੰਘ ਦੀ ਪ੍ਰਧਾਨਗੀ ਹੇਠ 19 ਸਤੰਬਰ ਤੋਂ 23 ਸਤੰਬਰ ਤੱਕ ਵੱਡੇ ਪੱਧਰ ‘ਤੇ ਮਨਾਏ ਜਾ ਰਹੇ ਆਗਮਨ-ਪੁਰਬ ਨੂੰ ਮੁੱਖ ਰੱਖਦਿਆਂ ਇਲਾਕੇ ਦੇ ਵੱਖ-ਵੱਖ ਸੇਵਾਦਾਰਾਂ ਦੀਆਂ ਵੱਖ-ਵੱਖ ਥਾਵਾਂ ‘ਤੇ ਡਿਊਟੀਆਂ ਲਗਾਈਆਂ ਗਈਆਂ ਤੇ ਆਉਣ ਵਾਲੀਆਂ ਮੁਸ਼ਿਕਲਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਮੇਲੇ ਦਾ ਪ੍ਰਬੰਧ ਸਫ਼ਲਤਾ ਪੂਰਵਕ ਕੀਤਾ ਜਾ ਸਕੇ।
ਡਾ. ਗੁਰਇੰਦਰ ਮੋਹਨ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਬੋਲਦਿਆਂ ਕਿਹਾ ਕਿ ਬਾਬਾ ਫ਼ਰੀਦ ਜੀ ਦੀ ਅਪਾਰ ਬਖਸ਼ਿਸ਼ ਅਤੇ ਰਹਿਮਤ ਸਦਕਾ ਇਸ ਵਾਰ ਵੀ ਇਹ ਮੇਲਾ ਵੱਡੇ ਪੱਧਰ ਉੱਤੇ ਅਤੇ ਧੂਮ-ਧਾਮ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਇਸ ਮੇਲੇ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਅਤੇ ਜਿੰਮੇਵਾਰੀਆਂ ਵਿੱਚ ਵੀ ਬਹੁਤ ਵਾਧਾ ਹੋ ਜਾਂਦਾ ਹੈ । ਉਨ੍ਹਾਂ ਨੇ ਹਰ ਇਕ ਸੇਵਾਦਾਰ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨੂੰ ਨਿਭਾਉਣ ਲਈ ਪ੍ਰੇਰਿਤ ਕੀਤਾ।
ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਨੇ ਸਮੂਹ ਸੇਵਾਦਾਰਾਂ ਨੂੰ ਦਿੱਤੇ ਗਏ ਆਪਣੇ ਸੁਨੇਹੇ ਵਿੱਚ ਕਿਹਾ ਕਿ ਆਗਮਨ-ਪੁਰਬ ਨੂੰ ਸਫ਼ਲਤਾਪੂਰਵਕ ਅਤੇ ਸ਼ਾਂਤਮਈ ਤਰੀਕੇ ਨਾਲ ਸੰਪੰਨ ਕਰਨ ਵਿੱਚ ਹਰ ਇੱਕ ਸੇਵਾਦਾਰ ਦੀ ਬੇਹੱਦ ਮਹੱਤਵਪੂਰਨ ਭੂਮਿਕਾ ਹੈ । ਪੰਜ ਦਿਨ ਚੱਲਣ ਵਾਲੇ ਇਸ ਵਿਸ਼ਵ-ਪੱਧਰੀ ਮੇਲੇ ਦੌਰਾਨ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਹੋਣ ਵਾਲੇ ਵੱਖ-ਵੱਖ ਸਮਾਗਮਾਂ ਤੋਂ ਇਲਾਵਾ 23 ਸਤੰਬਰ ਨੂੰ ਵਿਸ਼ਾਲ ਨਗਰ-ਕੀਰਤਨ ਦੌਰਾਨ ਵੀ ਸੇਵਾਦਾਰਾਂ ਦੀਆਂ ਅਹਿਮ ਭੂਮਿਕਾਵਾਂ ਹੋਣਗੀਆਂ।