ਬਾਬਾ ਫ਼ਰੀਦ ਪਬਲਿਕ ਸਕੂਲ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਨੀਟ-ਪ੍ਰੀਖਿਆ ਚ ਸ਼ਾਨਦਾਰ ਸਫਲਤਾ ਕੀਤੀ ਹਾਸਲ
ਫਰੀਦਕੋਟ, 11 ਅਗਸਤ (ਪੰਜਾਬ ਡਾਇਰੀ)- ਬਾਬਾ ਫਰੀਦ ਜੀ ਦੀ ਅਪਾਰ ਰਹਿਮਤ ਅਤੇ ਸ.ਇੰਦਰਜੀਤ ਸਿੰਘ ਖਾਲਸਾ ਜੀ ਦੀ ਬਹੁਮੁੱਲੀ ਰਹਿਨੁਮਾਈ ਹੇਠ ਚੱਲ ਰਹੇ ਪੰਜਾਬ ਦੇ ਪ੍ਰਸਿੱਧ ਵਿੱਦਿਅਕ ਅਦਾਰੇ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਵਿੱਚੋਂ ਬਾਰ੍ਹਵੀਂ ਜਮਾਤ ਪਾਸ ਕਰਨ ਉਪਰੰਤ ਇੱਥੋਂ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਮੱਲ੍ਹੀ ਨੇ ਨੀਟ-2023 ਦੀ ਪ੍ਰੀਖਿਆ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ ਇਸ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਡਾਕਟਰ, ਇੰਜੀ., ਆਈ.ਏ.ਏ. ਐੱਸ., ਪੀ. ਸੀ. ਐੱਸ., ਸੀ.ਏ., ਆਦਿ ਕਰਕੇ ਸਕੂਲ ਦਾਂ ਨਾਂ ਰੋਸ਼ਣ ਕੀਤਾ ਹੈ ਤੇ ਹੁਣ ਇਸ ਸੂਚੀ ਵਿੱਚ ਇੱਕ ਹੋਰ ਨਾਂ ਸ਼ਾਮਿਲ ਹੋ ਗਿਆ ਹੈ। ਉਹਨਾਂ ਨੇ ਦੱਸਿਆਂ ਕਿ ਕੋਮਲਪ੍ਰੀਤ ਕੌਰ ਮੱਲ੍ਹੀ ਨੇ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਬਾਬਾ ਫ਼ਰੀਦ ਪਬਲਿਕ ਸਕੂਲ ਵਿੱਚੋ ਹੀ ਪੂਰੀ ਸਿੱਖਿਆ ਹਾਸਲ ਕੀਤੀ ਹੈ । ਉਹ ਸ਼ੁਰੂ ਤੋਂ ਹੀ ਇਕ ਹੋਣਹਾਰ ਅਤੇ ਪ੍ਰਤਿਭਾਸ਼ਾਲੀ ਵਿਦਿਆਰਥਣ ਰਹੀ ਹੈ । ਉਹ ਦਸਵੀਂ ਅਤੇ ਬਾਰਵੀਂ ਦੀਆਂ ਬੋਰਡ ਦੀਆਂ ਜਮਾਤਾਂ ਵਿੱਚੋਂ ਵੀ ਉੱਚ-ਅੰਕ ਹਾਸਲ ਕਰਨ ਵਾਲੇ ਪਹਿਲੇ ਤਿੰਨ ਵਿਦਿਆਰਥੀਆਂ ਵਿੱਚ ਸ਼ਾਮਲ ਸੀ । ਹੁਣ ਉਸ ਨੇ ਇਸ ਨੀਟ ਦੀ ਪ੍ਰੀਖਿਆ ਵਿੱਚ ਪੰਜਾਬ ਵਿੱਚੋਂ 610 ਅੰਕ ਹਾਸਲ ਕਰਕੇ ਆਪਣਾ, ਸਕੂਲ, ਮਾਪਿਆਂ ਅਤੇ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ । ਜ਼ਿਕਰਯੋਗ ਹੈ ਕਿ ਇਸ ਪ੍ਰੀਖਿਆ ਵਿੱਚ ਪੂਰੇ ਦੇਸ਼ ਵਿੱਚੋਂ 20 ਲੱਖ ਦੇ ਕਰੀਬ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ । ਜਿਨ੍ਹਾਂ ਵਿੱਚੋਂ ਇਸਨੇ 3000 ਰੈਂਕ ਹਾਸਿਲ ਕੀਤਾ। ਕੋਮਲਪ੍ਰੀਤ ਕੌਰ ਨੇ ਆਪਣੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸ਼ਾਨਦਾਰ ਸਫਲਤਾ ਲਈ ਬਾਬਾ ਫ਼ਰੀਦ ਜੀ ਦੀ ਅਪਾਰ ਰਹਿਮਤ, ਬਾਬਾ ਫ਼ਰੀਦ ਪਬਲਿਕ ਸਕੂਲ ਦੇ ਮਾਣਯੋਗ ਚੇਅਰਮੈਨ, ਪ੍ਰਿੰਸੀਪਲ ਅਤੇ ਸਮੂਹ ਸਟਾਫ ਦੀ ਅਗਵਾਈ ਅਤੇ ਉਸ ਦੇ ਮਾਤਾ-ਪਿਤਾ ਵੱਲੋਂ ਮਿਲੀ ਹੱਲਾਸ਼ੇਰੀ ਅਤੇ ਸਹਿਯੋਗ ਲਈ ਉਹ ਸਦਾ ਰਿਣੀ ਰਹੇਗੀ । ਇਸ ਮੌਕੇ ਚੇਅਰਮੈਨ ਸ.ਇੰਦਰਜੀਤ ਸਿੰਘ ਖ਼ਾਲਸਾ ਨੇ ਇਸ ਬੱਚੀ ਨੂੰ ਅਸ਼ੀਰਵਾਦ ਦਿੰਦਿਆ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਸਮੇਂ-ਸਮੇਂ ‘ਤੇ ਹੁੰਦੀਆਂ ਇਸ ਤਰ੍ਹਾਂ ਦੀਆਂ ਉੱਚ-ਪ੍ਰੀਖਿਆਵਾਂ ਵਿੱਚੋਂ ਹਮੇਸ਼ਾ ਹੀ ਸ਼ਾਨਦਾਰ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਇਸ ਮੌਕੇ ਪ੍ਰਿੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥਣਾਂ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣਾ ਅਸ਼ੀਰਵਾਦ ਵੀ ਦਿੱਤਾ ।