ਬਾਬਾ ਫ਼ਰੀਦ ਪਬਲਿਕ ਸਕੂਲ ਦੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੂੰ ਸ ਖਾਲਸਾ ਨੇ ਕੀਤਾ ਸਨਮਾਨਿਤ
ਫ਼ਰੀਦਕੋਟ, 15 ਮਈ (ਪੰਜਾਬ ਡਾਇਰੀ)- “ਬਾਬਾ ਸ਼ੇਖ਼ ਫ਼ਰੀਦ ਜੀ ਦੀ ਅਪਾਰ ਰਹਿਮਤ ਸਦਕਾ ਅਤੇ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਬਹੁਮੁੱਲੀ ਰਹਿਨੁਮਾਈ ਹੇਠ ਚੱਲ ਰਹੀ ਪੰਜਾਬ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਦਸਵੀਂ ਦੇ ਨਤੀਜਿਆਂ ਵਿੱਚੋਂ ਇਸ ਵਾਰ ਵੀ ਸਮੁੱਚੇ ਜ਼ਿਲ੍ਹੇ ਵਿੱਚੋਂ ਬਾਜ਼ੀ ਮਾਰੀ ਹੈ । ਬਾਰ੍ਹਵੀਂ ਜਮਾਤ ਵਿੱਚੋਂ ਵੀ ਸ਼ਾਨਦਾਰ ਅੰਕ ਹਾਸਲ ਕਰਕੇ ਵਿਦਿਆਰਥੀਆਂ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।” ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਪਿਛਲੇ 15 ਸਾਲਾਂ ਤੋਂ ਦਸਵੀਂ ਦੇ ਨਤੀਜਿਆਂ ਵਿੱਚ ਫ਼ਰੀਦਕੋਟ ਜ਼ਿਲ੍ਹੇ ਵਿੱਚੋਂ ਹਰ ਸਾਲ ਅੱਵਲ ਆ ਰਿਹਾ ਹੈ । ਇਸ ਸਾਲ ਵੀ ਇਸ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਇਮਤਿਹਾਨਾਂ ਵਿੱਚੋਂ ਪੂਰੇ ਜ਼ਿਲ੍ਹੇ ਵਿੱਚੋਂ ਉੱਚ ਸਥਾਨ ਪ੍ਰਾਪਤ ਕੀਤਾ ਹੈ । ਦਸਵੀਂ ਜਮਾਤ ਵਿੱਚੋਂ ਟੌਪ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨਵਰੀਤ ਕੌਰ (ਪਹਿਲਾ ਸਥਾਨ- 99.2), ਸੁਗਮ (ਦੂਜਾ ਸਥਾਨ-98.4), ਭੂਮੀ ਬਾਂਸਲ, ਖੁਸ਼ਨੂਰ ਕੌਰ ਅਤੇ ਪੁਸ਼ਪਿੰਦਰ ਕੌਰ (ਤੀਜਾ ਸਥਾਨ-97.8) ਅਤੇ ਬਾਰ੍ਹਵੀਂ ਜਮਾਤ ਵਿੱਚੋ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਕਰਨਪ੍ਰੀਤ ਕੌਰ (ਪਹਿਲਾ ਸਥਾਨ-96.4), ਮੁਸਕਾਨ ਗੱਖੜ ( ਦੂਜਾ ਸਥਾਨ- 95.2) ਅਤੇ ਅਰਸ਼ਪ੍ਰੀਤ ਕੌਰ (ਤੀਜਾ ਸਥਾਨ-95) ਨੂੰ ਅੱਜ ਸਕੂਲ ਵਿਖੇ ਬਾਬਾ ਫ਼ਰੀਦ ਸੰਸਥਾਵਾਂ ਦੇ ਚੇਅਰਮੈਨ ਸ.ਇੰਦਰਜੀਤ ਸਿੰਘ ਖਾਲਸਾ ਜੀ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਦਿਆਂ ਅਥਾਹ ਖੁਸ਼ੀ ਮਹਿਸੂਸ ਕੀਤੀ ਅਤੇ ਆਪਣਾ ਆਸ਼ੀਰਵਾਦ ਦਿੱਤਾ। ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਦਸਵੀਂ ਅਤੇ ਬਾਰਵੀਂ ਜਮਾਤ ਵਿੱਚੋਂ ਸ਼ਾਨਦਾਰ ਅੰਕ ਹਾਸਲ ਕਰਨ ਵਾਲੇ ਬਾਕੀ ਵਿਦਿਆਰਥੀਆਂ ਨੂੰ ਵੀ ਆਪਣਾ ਆਸ਼ੀਰਵਾਦ ਦਿੱਤਾ । ਉਹਨਾਂ ਨੇ ਇਸ ਮੌਕੇ ਪ੍ਰਿੰਸੀਪਲ, ਕੋਆਰਡੀਨੇਟਰਜ਼, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਫਰੀਦਕੋਟ ਦੇਸ਼ ਦੇ ਸਭ ਤੋਂ ਉੱਤਮ ਸਕੂਲਾਂ ਵਿੱਚੋਂ ਇੱਕ ਹੈ। ਇਸਦੇ ਵਿਦਿਆਰਥੀਆਂ ਨੇ ਇਸ ਸਾਲ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ 99.2 ਪ੍ਰਤੀਸ਼ਤ ਅੰਕਾਂ ਨਾਲ ਸਮੁੱਚੇ ਫ਼ਰੀਦਕੋਟ ਜ਼ਿਲੇ ਵਿੱਚੋਂ ਸਭ ਤੋਂ ਉੱਚ ਸਥਾਨ ਹਾਸਿਲ ਕਰਕੇ ਆਪਣਾ, ਸਕੂਲ, ਮਾਪਿਆਂ ਅਤੇ ਸਮੁੱਚੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ । ਉਨ੍ਹਾਂ ਨੇ ਆਪਣਾ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਬਾਬਾ ਫਰੀਦ ਜੀ ਇਸ ਸਕੂਲ, ਸਟਾਫ ਅਤੇ ਵਿਦਿਆਰਥੀਆਂ ‘ਤੇ ਇਸੇ ਤਰਾਂ ਹੀ ਆਪਣੀ ਮਿਹਰ ਬਣਾਈ ਰੱਖਣ, ਸੰਸਥਾ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਅਤੇ ਇੱਥੋਂ ਪੜ੍ਹੇ ਹੋਏ ਵਿਦਿਆਰਥੀਆਂ ਦੁਆਰਾ ਜ਼ਿੰਦਗੀ ਦੀਆਂ ਸਰਬ-ਉੱਚ ਮੰਜ਼ਿਲਾਂ ਪ੍ਰਾਪਤ ਕਰਨ ਵਿੱਚ ਸਹਾਈ ਹੋਣ ।