ਬਾਬਾ ਫ਼ਰੀਦ ਪਬਲਿਕ ਸਕੂਲ ਦੇ ਦੋ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਾਲ ਕੀਤਾ ਸਨਮਾਨਿਤ
ਫਰੀਦਕੋਟ, 27 ਜੁਲਾਈ (ਪੰਜਾਬ ਡਾਇਰੀ)- ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਦੇ ਦੋ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਾਪਤ ਹੋਇਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫ਼ਰੀਦਕੋਟ-ਸ਼੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਵੱਲੋਂ “ਸਰਬੱਤ ਦਾ ਭਲਾ ਵਿਦਿਆਰਥੀ-ਭਲਾਈ ਯੋਜਨਾ” ਤਹਿਤ ਇੰਨ੍ਹਾਂ ਜ਼ਿਲਿਆਂ ਵਿੱਚੋਂ 400 ਦੇ ਲੱਗਭੱਗ ਵਿਦਿਆਰਥੀਆਂ ਵਿੱਚੋਂ 200 ਵਿਦਿਆਰਥੀਆਂ ਨੂੰ ਟੈਸਟ ਦੇ ਆਧਾਰ ਤੇ ਇਸ ਸਕਾਲਰਸ਼ਿਪ ਸਕੀਮ ਦਾ ਲਾਭ ਮਿਲਿਆ ਹੈ; ਜਿਨ੍ਹਾਂ ਵਿੱਚ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਦੋ ਵਿਦਿਆਰਥੀ ਵੀ ਸ਼ਾਮਿਲ ਹਨ । ਪਿਛਲੇ ਦਿਨੀ ਫ਼ਰੀਦਕੋਟ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹੇ ਦੇ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ ਅਤੇ ਹੋਰ ਸਨਮਾਨਯੋਗ ਸ਼ਖ਼ਸੀਅਤਾਂ ਵੱਲੋਂ ਇੰਨ੍ਹਾਂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ । ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰਾਂ ਵਿੱਚ ਹਰ ਪੱਧਰ ‘ਤੇ ਸ਼ਾਨਦਾਰ ਉਪਲੱਬਧੀਆਂ ਹਾਸਲ ਕਰਕੇ ਇਸ ਸਕੂਲ ਦਾ ਨਾਮ ਪੰਜਾਬ ਦੇ ਸਭ ਤੋਂ ਬਿਹਤਰੀਨ ਸਕੂਲਾਂ ਵਿੱਚ ਸ਼ੁਮਾਰ ਕੀਤਾ ਹੈ। ਸੰਸਥਾ ਦੇ ਚੇਅਰਮੈਨ ਸ੍ਰ. ਇੰਦਰਜੀਤ ਸਿੰਘ ਖ਼ਾਲਸਾ ਜੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦਿੰਦਿਆ ਕਿਹਾ ਕਿ ਅਜਿਹੀਆਂ ਵਿਦਿਆਰਥੀ-ਭਲਾਈ ਸਕੀਮਾਂ ਨਾਲ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣ ਲਈ ਹੋਰ ਵਧੇਰੇ ਦਿਲਚਸਪੀ ਅਤੇ ਜਜ਼ਬੇ ਦੀ ਭਾਵਨਾ ਦਾ ਬਲ ਮਿਲਦਾ ਹੈ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਕੀਤੇ ਜਾਂਦੇ ਅਜਿਹੇ ਬਹੁਮੁੱਲੇ ਕਾਰਜਾਂ ਲਈ ਆਪਣੀਆਂ ਸ਼ੁਭਕਾਮਨਾਵਾਂ ਭੇਂਟ ਕੀਤੀਆਂ ।