ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਸਮਰ ਕੈਂਪ ਦੀ ਹੋਈ ਸ਼ੁਰੂਆਤ
ਫਰੀਦਕੋਟ, 2 ਜੂਨ (ਪੰਜਾਬ ਡਾਇਰੀ)- ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਫਰੀਦ ਪਬਲਿਕ ਸਕੂਲ, ਫ਼ਰੀਦਕੋਟ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਹੋਰ ਵਧੇਰੇ ਪ੍ਰਫੁੱਲਤ ਕਰਨ ਦੇ ਮਕਸਦ ਨੂੰ ਮੁੱਖ ਰੱਖਦਿਆਂ ਦਸ ਰੋਜ਼ਾ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਕੈਂਪ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਨੇ ਆਪਣੇ ਸ਼ੁਭ ਕਰ-ਕਮਲਾਂ ਨਾਲ ਕੀਤਾ। ਉਪਰੰਤ ਸ. ਇੰਦਰਜੀਤ ਸਿੰਘ ਖਾਲਸਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਬੇਹੱਦ ਸਾਰਥਕ ਅਤੇ ਮਹੱਤਵਪੂਰਨ ਹੁੰਦੇ ਹਨ । ਇਹਨਾਂ ਕੈਂਪਾਂ ਨਾਲ ਵਿਦਿਆਰਥੀਆਂ ਅੰਦਰ ਛੁਪੀਆਂ ਪ੍ਰਤਿਭਾਵਾਂ ਨੂੰ ਉਭਾਰਨ, ਨਿਖਾਰਨ ਅਤੇ ਉਨ੍ਹਾਂ ਦਾ ਸਰਬਪੱਖੀ ਵਿਕਾਸ ਕਰਨ ਵਿੱਚ ਵਧੇਰੇ ਸਹਾਇਤਾ ਮਿਲਦੀ ਹੈ। ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਰੋਜ਼ਾਨਾ ਦੀ ਭੱਜ-ਦੌੜ ਭਰੀ ਜ਼ਿੰਦਗੀ, ਸਿਲੇਬਸ, ਇਮਤਿਹਾਨਾਂ ਆਦਿ ਤੋਂ ਕੁਝ ਸਮੇਂ ਲਈ ਰਾਹਤ ਮਿਲਦੀ ਹੈ ਅਤੇ ਛੁੱਟੀਆਂ ਤੋਂ ਬਾਅਦ ਦੁਬਾਰਾ ਪੜ੍ਹਨ ਲਈ ਨਵੀਂ ਊਰਜਾ, ਨਵਾਂ ਉਤਸ਼ਾਹ, ਜੋਸ਼ ਅਤੇ ਜਜ਼ਬਾ ਪੈਦਾ ਹੁੰਦਾ ਹੈ । ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਅੱਗੇ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਲੱਗ ਰਿਹਾ ਇਹ ਸਮਰ ਕੈਂਪ ਵਿਦਿਆਰਥੀਆਂ ਦੀਆਂ ਕਲਾਤਮਿਕ ਰੁਚੀਆਂ, ਪ੍ਰਤਿਭਾਵਾਂਆਦਿ ਨੂੰ ਨਵੀਂ ਉਡਾਣ ਦੇ ਕੇ ਉਨ੍ਹਾਂ ਦੇ ਹੌਸਲਿਆਂ ਵਿੱਚ ਵਧੇਰੇ ਵਾਧਾ ਕਰੇਗਾ । ਕੋਆਰਡੀਨੇਟਰ ਮਿਸਿਜ ਨੀਰਜ ਸੇਠੀ, ਮਿਸਿਜ ਹਰਸਿਮਰਨ ਕੋਰ, ਮਿਸਿਜ ਨੀਰਜ ਲੂਨਾ, ਮਿਸਿਜ ਗੀਤਾ ਗਾਧੀ, ਮਿਸਿਜ ਪੂਨਮ ਰਾਣੀ ਤੇ ਸਮਰ ਕੈਂਪ ਦੇ ਇੰਚਾਰਜ ਮੈਡਮ ਸੁਨੀਤਾ ਰਾਣੀ ਚਾਣਨਾ ਅਤੇ ਮੈਡਮ ਅੰਮ੍ਰਿਤ ਪਾਲ ਕੌਰ ਦੀ ਦੇਖ-ਰੇਖ ਹੇਠ ਕੈਂਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਡਾਂਸ, ਸੰਗੀਤ, ਯੋਗਾ, ਮੈਡੀਟੇਸ਼ਨ, ਕੂਕੀਜ਼ ਤੋਂ ਇਲਾਵਾ ਵੱਖ-ਵੱਖ ਪ੍ਰਕਾਰ ਦੀਆਂ ਇਨਡੋਰ ਅਤੇ ਆਊਟਡੋਰ ਖੇਡਾਂ ਵਿਚ ਹਿੱਸਾ ਲਿਆ ਅਤੇ ਖੂਬ ਮਨੋਰੰਜਨ ਕੀਤਾ।