ਬਿਜਲੀ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਅਰਥੀ ਫੂਕ ਮੁਜਾਹਰਾ
ਫਰੀਦਕੋਟ, 21 ਨਵੰਬਰ (ਪੰਜਾਬ ਡਾਇਰੀ)- ਟੈਕਨੀਕਲ ਸਰਵਿਸਜ ਯੂਨੀਅਨ ਦੇ ਮੈਂਬਰ ਬਿਜਲੀ ਕਾਮਿਆਂ ਵੱਲੋਂ ਸਾਂਝੇ ਤੌਰ ਤੇ ਸਟੇਟ ਜੁਆਇੰਟ ਫੋਰਮ ਦੇ ਸੱਦੇ ਤੇ ਪੀ ਐਸ ਐੱਮ ਐੱਸ ਯੂ ਦੇ ਸਮਰਥਨ ਵਿੱਚ ਬਿਜਲੀ ਬੋਰਡ ਦੇ ਡਵੀਜਨ ਦਫ਼ਤਰ ਦੇ ਬਾਹਰ ਗੇਟ ਰੈਲੀ ਅਤੇ ਅਰਥੀ ਫੂਕੀ ਗਈ ਜੋ ਕਿ ਪੰਜਾਬ ਸਰਕਾਰ ਵੱਲੋਂ ਵਾਰ ਵਾਰ ਜਥੇਬੰਦੀਆਂ ਨੂੰ ਮੀਟਿੰਗ ਦਿੱਤੀ ਜਾ ਰਹੀ ਹੈ ਪ੍ਰੰਤੂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰ ਰਹੀ। ਜਿਸ ਦੇ ਰੋਸ ਵਜੋਂ ਪੀ ਐਸ ਐੱਮ ਐੱਸ ਯੂ ਵੱਲੋਂ ਲਗਭਗ 15 ਦਿਨਾਂ ਤੋਂ ਕਲਮ ਛੋੜ, ਕੰਪਿਊਟਰ ਛੋੜ ਹੜਤਾਲ ਚੱਲ ਰਹੀ ਹੈ।
ਇਸ ਵਿੱਚ 28-11-23 ਤੱਕ ਦਾ ਵਾਧਾ ਕੀਤਾ ਗਿਆ ਹੈ, ਜਦੋਂ ਕਿ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਪਿਛਲੀਆਂ ਸਰਕਾਰਾਂ ਨੇ ਮੁਲਾਜ਼ਮਾਂ ਦਾ 28% ਡੀ ਏ ਜਾਮ ਕੀਤਾ ਹੋਇਆ ਹੈ ਅਤੇ ਮੌਜੂਦਾ ਸਰਕਾਰ ਨੇ ਵੀ ਮੁਲਾਜ਼ਮਾਂ ਦਾ 12% ਡੀ ਏ ਜਾਮ ਕਰ ਦਿੱਤਾ ਹੈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਬਹੁਤ ਬੇਚੈਨੀ ਦਾ ਪਸਾਰਾ ਹੈ। ਜਦੋਂ ਕਿ ਇਸ ਤੋਂ ਇਲਾਵਾ ਪੰਜਾਹ ਨੁਕਾਤੀ ਮੰਗ ਪੱਤਰ ਤੇ ਸਰਕਾਰ ਨਾਲ ਮੀਟਿੰਗ ਹੁੰਦੀ ਰਹਿੰਦੀ ਹੈ ਪਰ ਕੋਈ ਵੀ ਮੰਗ ਲਾਗੂ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਇਹ ਅਰਥੀ ਫੂਕ ਰੈਲੀ ਕੀਤੀ ਗਈ ਹੈ ।
ਜਦਕਿ ਬਿਜਲੀ ਮੁਲਾਜ਼ਮਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਨੂੰ ਲੈ ਕੇ ਬੇਚੈਨੀ ਪਾਈ ਜਾ ਰਹੀ ਹੈ, ਜਿਵੇਂ ਕਿ ਠੇਕਾ ਅਧਾਰਿਤ ਕਾਮਿਆਂ ਨੂੰ ਪੱਕੇ ਕਰਨ,ਸੋਧੇ ਤਨਖਾਹ ਸਕੇਲ ਵਿੱਚ ਤਰੁੱਟੀਆਂ, ਸਮਾਂ ਬੱਧ ਸਕੇਲਾਂ ਦੀ ਰੋਕ, ਸੀ ਆਰ ਏ 295/19 ਰਾਹੀਂ ਭਰਤੀ ਕੀਤੇ ਸਹਾਇਕ ਲਾਇਨਮੈਨ ਸਾਥੀਆਂ ਨੂੰ ਪਰਖ਼ ਕਾਲ ਸਮਾਂ ਪੂਰਾ ਹੋਣ ਤੇ ਵੀ ਰੈਗੂਲਰ ਸਕੇਲ ਨਾ ਦੇਣਾ, ਲਾਈਨ ਮੈਨ ਕੇਡਰ ਦਾ ਮੋਬਾਈਲ ਭੱਤਾ ਨਾ ਦੇਣ, ਵੱਖ ਵੱਖ ਧਾਰਾਵਾਂ ਰਾਹੀਂ ਦਰਜ ਕੀਤੇ ਗ਼ਲਤ ਕੇਸਾਂ ਨੂੰ ਵਾਪਿਸ ਲੈਣ ਬਾਰੇ ਫੈਸਲਾ ਨਾ ਲੈਣਾ ਆਦਿ। ਇਸ ਲਈ ਜੁਆਇੰਟ ਫੋਰਮ ਵਲੋਂ ਮੈਨੇਜਮੈਂਟ ਦੀ ਮੁਲਾਜ਼ਮਾਂ ਪ੍ਰਤੀ ਇਸ ਗੈਰ ਸੰਜੀਦਾ ਅਤੇ ਤਾਨਾਸ਼ਾਹੀ ਰਵੱਈਏ ਵਿਰੁੱਧ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤਿੱਖੇ ਸੰਘਰਸ਼ ਦਾ ਬਿਗੁਲ ਵਜਾਉਣ ਲਈ ਮਜਬੂਰ ਹੋਣਗੀਆਂ । ਇਸ ਰੈਲੀ ਨੂੰ ਰਣਜੀਤ ਸਿੰਘ ਨੰਗਲ ਡਵੀਜ਼ਨ ਪ੍ਰਧਾਨ , ਇਕਬਾਲ ਸਿੰਘ ,ਸਰਬਜੀਤ ਸਿੰਘ, ਹਰਬੰਸ ਸਿੰਘ ,ਵਿਜੇ ਕੁਮਾਰ ,ਜਸਪਾਲ ਸਿੰਘ ,ਬੂਟਾ ਸਿੰਘ ,ਮਿੱਠੂ ਸਿੰਘ ਡਵੀਜ਼ਨ ਪ੍ਰਧਾਨ ਪੈਨਸ਼ਨਰ ਐਸੋਸ਼ੀਏਸ਼ਨ ਨੇ ਸੰਬੋਧਨ ਕੀਤਾ।