ਬੀਕੇਯੂ ਸਿੱਧੂਪੁਰ ਨੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਮਿਲ ਰਹੀਆਂ ਧਮਕੀਆਂ ਖਿਲਾਫ ਡੀਸੀ ਅਤੇ ਐਸਐਸਪੀ ਨੂੰ ਦਿੱਤਾ ਮੰਗ ਪੱਤਰ
ਫਰੀਦਕੋਟ, 27 ਜੁਲਾਈ (ਪੰਜਾਬ ਡਾਇਰੀ)- ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਪੁਲਿਸ ਵੱਲੋ ਮਿਲ ਰਹੀਆਂ ਧਮਕੀਆਂ ਅਤੇ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਸਹਿਕਾਰੀ ਸਭਾਵਾਂ ਰਾਹੀਂ ਯੂਰੀਆ ਖਾਦ ਦੀ ਪੂਰਤੀ ਲਈ ਡੀਸੀ ਅਤੇ ਐਸਐਸਪੀ ਫਰੀਦਕੋਟ ਨੂੰ ਬੀਕੇਯੂ ਸਿੱਧੂਪੁਰ ਨੇ ਮੰਗ ਪੱਤਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲਾ ਫਰੀਦਕੋਟ ਦੇ ਪ੍ਰਧਾਨ ਬੋਹੜ ਸਿੰਘ ਰੁਪੱਈਆ ਵਾਲਾ ਨੇ ਡੀ ਸੀ ਅਤੇ ਐਸ ਐਸ ਪੀ ਫਰੀਦਕੋਟ ਨੂੰ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਅੰਦਰ ਨਸ਼ਿਆ ਦੀ ਬਹੁਤ ਵੱਡੇ ਪੱਧਰ ਤੇ ਭਰਮਾਰ ਹੋ ਰਹੀ ਹੈ ਅਤੇ ਜਿਹੜੇ ਲੋਕ ਨਸ਼ੇ ਰੋਕਣ ਲਈ ਆਵਾਜ ਬੁਲੰਦ ਕਰ ਰਹੇ ਨੇ ਉਹਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋ ਧਮਕੀਆਂ ਮਿਲ ਰਹੀਆਂ ਹਨ ਅਤੇ ਪਿੱਛਲੇ ਦਿਨਾ ਦੌਰਾਨ ਉਹਨਾਂ ਦੀ ਜੈਤੋ ਇਕਾਈ ਵੱਲੋ ਡੀਐਸਪੀ ਜੈਤੋਂ ਨੂੰ ਵਾਰ-ਵਾਰ ਮੰਗ ਪੱਤਰ ਦੇ ਕੇ ਇਹ ਧਿਆਨ ਦਿਵਾਇਆ ਕਿ ਜੈਤੋ ਵਿੱਚ ਨਸ਼ਾ ਵੱਡੀ ਪੱਧਰ ਤੇ ਵਿਕ ਰਿਹਾ ਹੈ ਇਸ ਲਈ ਕਿਰਪਾ ਕਰਕੇ ਨਸ਼ੇ ਨੂੰ ਕੰਟਰੋਲ ਕੀਤਾ ਜਾਵੇ ਪਰ ਪ੍ਰਸ਼ਾਸਨ ਵੱਲੋਂ ਕੋਈ ਕੰਟਰੋਲ ਨਹੀਂ ਕੀਤਾ ਗਿਆ ਅਤੇ ਨਸ਼ਾ ਅੱਜ ਤੱਕ ਜਿਓ ਤਾਂ ਤਿਓਂ ਵਿਕ ਰਿਹਾ ਹੈ।
ਇੰਦਰਜੀਤ ਸਿੰਘ ਘਣੀਆ ਜ਼ਿਲ੍ਹਾ ਜਨਰਲ ਸਕੱਤਰ ਫਰੀਦਕੋਟ ਨੇ ਅੱਗੇ ਗੱਲਬਾਤ ਕਰਦਿਆ ਕਿਹਾ ਕਿ ਬਣਦਾ ਤਾਂ ਇਹ ਸੀ ਕਿ ਨਸ਼ੇ ਨੂੰ ਠੱਲ੍ਹ ਪਾਉਣ ਲਈ ਜਦੋ ਜੈਤੋ ਪੁਲਿਸ ਨੂੰ ਸੂਚਨਾ ਦਿੱਤੀ ਗਈ ਉਹ ਨਸ਼ੇ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਦੇ ਪਰ ਉਹਨਾ ਕਾਰਵਾਈ ਕਰਨ ਦੀ ਬਜਾਏ ਸਾਡੇ ਬੰਦਿਆ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ ਜੋ ਅਤਿ ਨਿੰਦਣਯੋਗ ਹੈ। ਅਸੀਂ ਇਸ ਦੀ ਸਖਤ ਨਿੰਦਿਆ ਕਰਦੇ ਹੋਏ ਮੰਗ ਕਰਦੇ ਹਾਂ ਕਿ ਉਨ੍ਹਾਂ ਦੇ ਖਿਲਾਫ ਤੁਰੰਤ ਧਮਕੀਆਂ ਦੇਣ ਦੇ ਸੰਬੰਧ ਵਿੱਚ ਅਤੇ ਨਸ਼ਿਆ ਨੂੰ ਠੱਲ੍ਹ ਨਾਂ ਪਾਉਣ ਦੇ ਸੰਬੰਧ ਵਿੱਚ ਕਾਰਵਾਈ ਕੀਤੀ ਜਾਵੇ ਅਤੇ ਜੋ ਯੂਰੀਆ ਖਾਦ ਦੀ ਕਿੱਲਤ ਬਜ਼ਾਰ ਵਿੱਚ ਲਿਆਂਦੀ ਗਈ ਹੈ ਉਸ ਨੂੰ ਤੁਰੰਤ ਪੂਰਾ ਕਰਕੇ ਕਿਸਾਨਾਂ ਨੂੰ ਝੋਨੇ ਵਿੱਚ ਖਾਦ ਪਾਉਣ ਲਈ ਤੁਰੰਤ ਯੂਰੀਆ ਖਾਦ ਉਪਲੱਬਧ ਕਾਰਵਾਈ ਜਾਵੇ। ਇਸ ਮੌਕੇ ਉਹਨਾਂ ਨਾਲ ਗੁਰਦਿੱਤਾ ਸਿੰਘ ਜ਼ਿਲ੍ਹਾ ਵਿੱਤ ਸਕੱਤਰ,ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਚਰਨਜੀਤ ਸਿੰਘ ਬਲਾਕ ਪ੍ਰਧਾਨ ਫਰੀਦਕੋਟ,ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ,ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ,ਸੁਖਮੰਦਰ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ ਆਦਿ ਆਗੂ ਹਾਜ਼ਰ ਸਨ।