ਬ੍ਰਹਮ ਕੁਮਾਰੀਜ਼ ਦੇ ਸਹਿਯੋਗ ਨਾਲ ਸੀ.ਐਚ.ਸੀ. ਬਾਜਾਖਾਨਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਦਾ ਆਯੋਜਨ
ਫਰੀਦਕੋਟ, 22 ਮਈ (ਗੁਰਬਾਜ ਸਿੰਘ )- ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਫਰੀਦਕੋਟ ਡਾ. ਮਨਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਬ੍ਰਹਮ ਕੁਮਾਰੀਜ਼ ਦੇ ਸਹਿਯੋਗ ਨਾਲ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ ਸੰਦੀਪ ਸਿੰਗਲਾ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਦੀਦੀ ਅਨੀਤਾ ਵਿਸ਼ੇਸ਼ ਰੂਪ ਵਿਚ ਪਹੁੰਚੇ, ਇਸ ਮੌਕੇ ਉਹਨਾਂ ਹਾਜਰੀਨ ਨੂੰ ਕਿਹਾ ਕਿ ਨਸ਼ਾ ਸਾਡੇ ਸਮਾਜ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਰਿਹਾ ਹੈ। ਨਸ਼ਿਆਂ ਕਰਕੇ ਘਰ ਟੁੱਟ ਰਹੇ ਹਨ। ਨਸ਼ਿਆਂ ਦਾ ਸਭ ਤੋਂ ਜਿਆਦਾ ਅਸਰ ਨੌਜਵਾਨ ਪੀੜੀ ਤੇ ਪੈ ਰਿਹਾ ਹੈ ਜੋ ਕਿ ਦੇਸ਼ ਲਈ ਵੱਡਾ ਖਤਰਾ ਹੈ। ਉਨਾਂ ਦੱਸਿਆ ਕਿ ਨਸ਼ਿਆਂ ਨਾਲ ਕਈ ਤਰਾਂ ਦੀਆਂ ਸਿਹਤ ਸਮੱਸਿਆਵਾਂ ਜੁੜੀਆਂ ਹੋਈਆਂ ਹਨ। ਨਸ਼ਿਆਂ ਕਾਰਨ ਹਰ ਰੋਜ ਸੈਂਕੜੇ ਜਿੰਦਗੀਆਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਇਸ ਲਈ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕਜੁਟ ਹੋ ਕੇ ਨਸ਼ਿਆਂ ਦਾ ਖਾਤਮਾ ਕਰਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਤਾਂ ਜੋ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਮੈਡੀਟੇਸ਼ਨ ਅਤੇ ਦ੍ਰਿੜ ਸੰਕਲਪ ਨਾਲ ਕਿਸੇ ਵੀ ਤਰਾਂ ਦੇ ਨਸ਼ੇ ਦੀ ਆਦਤ ਨੂੰ ਛੱਡਿਆ ਜਾ ਸਕਦਾ ਹੈ।
ਡਾ. ਦੀਪਤੀ ਅਰੋੜਾ ਜਿਲ੍ਹਾ ਐਪੀਡੀਮਾਲੋਜਿਸਟ ਅਤੇ ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਲਈ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਲੋੜ ਹੈ। ਨਸ਼ਾ ਛੱਡਣ ਦੇ ਇਛੁਕ ਮਰੀਜ਼ ਸਿਹਤ ਵਿਭਾਗ ਦੇ ਨਸ਼ਾ ਛੁਡਾਊ ਕੇਂਦਰਾਂ ਓਟ ਸੈਂਟਰਾਂ ਵਿਖੇ ਆ ਕੇ ਆਪਣਾ ਇਲਾਜ਼ ਕਰਵਾ ਸਕਦੇ ਹਨ। ਇਹ ਇਲਾਜ਼ ਮਾਹਰ ਡਾਕਟਰ ਅਤੇ ਸਟਾਫ ਦੀ ਨਿਗਰਾਨੀ ਹੇਠ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਊ ਕੇਂਦਰ, ਪੁਨਰਵਾਸ ਕੇਂਦਰ ਅਤੇ ਓਟ ਕਲਨੀਕ ਅਧੀਨ ਮੁਹਈਆ ਮੁਫਤ ਸਿਹਤ ਸੇਵਾਵਾਂ ਅਤੇ ਸਹੂਲਤਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਇਲਾਜ ਅਧੀਨ ਨਸ਼ਾ ਪੀੜਤ ਨੌਜਵਾਨਾਂ ਨੂੰ ਕਿਤਾ ਮੁਖੀ ਕੋਰਸ ਵੀ ਕਰਵਾਏ ਜਾ ਰਹੇ ਹਨ।
ਇਸ ਮੌਕੇ ਡਾ. ਕਿਰਨਦੀਪ ਕੌਰ ਐਮ.ਡੀ. ਗਾਇਨੀ, ਦੀਦੀ ਪਿੰਕੀ, ਸਿਹਤ ਸੁਪਰਵਾਈਜਰ ਛਿੰਦਰਪਾਲ ਸਿੰਘ, ਐਲ.ਐਚ.ਵੀ.ਕੰਵਲਜੀਤ ਕੌਰ, ਸੀ.ਐਚ.ਓ. ਬੀਬਾ ਬਲਜੀਤ, ਅਮਰਜੀਤ ਕੌਰ ਮ.ਪ.ਵ.(ਫ), ਪਿੰਕੀ ਗੇਰਾ ਕਾਉਂਸਲਰ, ਰਣਜੀਤ ਸਿੰਘ, ਆਗਿਆਪਾਲ ਸਿੰਘ ਮੈਨੇਜਰ ਰੀਹੈਬਲੀਟੇਸ਼ਨ ਸੈਂਟਰ ਫਰੀਦਕੋਟ, ਚਮਕੌਰ ਸਿੰਘ ਮ.ਪ.ਵ. ਅਤੇ ਹੋਰ ਸਟਾਫ ਹਾਜਰ ਸੀ।