ਬੰਬੀਹਾ ਗੈਂਗ ਦੇ 4 ਗੁਰਗੇ ਫੜੇ, ਟਾਰਗੇਟ ਕਿਲਿੰਗ ਦੀ ਬਣਾ ਰਹੇ ਸੀ ਯੋਜਨਾ, ਪਿਸਤੌਲ-ਕਾਰਤੂਸ ਬਰਾਮਦ
ਚੰਡੀਗੜ੍ਹ, 20 ਅਕਤੂਬਰ (ਰੋਜਾਨਾ ਸਪੋਕਸਮੈਨ)- ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਸ਼ੁੱਕਰਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਬੰਬੀਹਾ ਗੈਂਗ ਦੇ ਸਰਗਨਾ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਏਜੀਟੀਐਫ ਨੇ ਮੁਹਾਲੀ ਪੁਲਿਸ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਹੈ। ਬੰਬੀਹਾ ਗੈਂਗ ਦੇ ਚਾਰ ਗੁਰਗੇ ਟਾਰਗੇਟ ਕਿਲਿੰਗ ਦੀ ਯੋਜਨਾ ਬਣਾ ਰਹੇ ਸਨ ਅਤੇ ਵਿਦੇਸ਼ਾਂ ਤੋਂ ਕਾਰਵਾਈ ਦੇ ਆਦੇਸ਼ ਪ੍ਰਾਪਤ ਕਰ ਰਹੇ ਸਨ। ਮੁਲਜ਼ਮਾਂ ਕੋਲੋਂ ਕਈ ਹਥਿਆਰ ਵੀ ਬਰਾਮਦ ਹੋਏ ਹਨ।
ਡੀਜੀਪੀ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਏਜੀਟੀਐਫ ਨੇ ਐਸਏਐਸ ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿਚ ਬੰਬੀਹਾ ਗਰੋਹ ਦੇ 4 ਮੁੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਵਿਦੇਸ਼ ਸਥਿਤ ਗੈਂਗਸਟਰ ਗੌਰਵ ਪਟਿਆਲ ਉਰਫ਼ ਲੱਕੀ ਵੱਲੋਂ ਕੰਮ ਕਰਵਾਇਆ ਜਾ ਰਿਹਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਲੱਕੀ ਪਟਿਆਲ ਨੇ ਫੜੇ ਗਏ ਮੁਲਜ਼ਮਾਂ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕਈ ਟਿਕਾਣਿਆਂ ’ਤੇ ਹਮਲੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ।
ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਪਿਸਤੌਲ ਬਰਾਮਦ ਕੀਤੇ ਹਨ। ਜਿਨ੍ਹਾਂ ਵਿਚੋਂ 2 ਆਧੁਨਿਕ ਆਟੋਮੈਟਿਕ ਅਤੇ ਅਰਧ-ਆਟੋਮੈਟਿਕ ਵਿਦੇਸ਼ੀ ਬਣੇ ਪਿਸਤੌਲ ਬੇਰੇਟਾ ਅਤੇ ਜ਼ਿਗਾਨਾ ਹਨ, ਜਦਕਿ 2 ਦੇਸੀ ਪਿਸਤੌਲ ਹਨ। ਇਸ ਦੇ ਨਾਲ ਹੀ ਪੁਲਿਸ ਨੇ 25 ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਨ੍ਹਾਂ ਦੇ ਨਿਸ਼ਾਨੇ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ ਅਤੇ ਉਹ ਕਦੋਂ ਕਾਰਵਾਈ ਕਰਨ ਜਾ ਰਹੇ ਸਨ।