ਭਜਨ ਲਾਲ ਸ਼ਰਮਾ ਬਣੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ, ਰਾਜਪਾਲ ਕਲਰਾਜ ਮਿਸ਼ਰਾ ਨੇ ਚੁਕਾਈ ਸਹੁੰ
ਰਾਜਸਥਾਨ, 15 ਦਸੰਬਰ (ਡੇਲੀ ਪੋਸਟ ਪੰਜਾਬੀ)- ਭਜਨ ਲਾਲ ਸ਼ਰਮਾ ਨੇ ਰਾਜਸਥਾਨ ਦੇ 14ਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਦੇ ਨਾਲ ਦੋ ਡਿਪਟੀ ਸੀਐੱਮ ਦੀਯਾ ਕੁਮਾਰੀ ਤੇ ਡਾ. ਪ੍ਰੇਮ ਚੰਦ ਬੈਰਵਾ ਨੇ ਵੀ ਅਹੁਦੇ ਦੀ ਸਹੁੰ ਚੁੱਕੀ ਹੈ। ਤਿੰਨਾਂ ਨੂੰ ਰਾਜਪਾਲ ਕਲਰਾਜ ਮਿਸ਼ਰਾ ਨੇ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕਣ ਮਗਰੋਂ ਭਜਨ ਲਾਲ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਭਜਨ ਲਾਲ ਦੇ ਮੁੱਖ ਮੰਤਰੀ ਬਣਨ ਤੋਂ ਇਲਾਵਾ ਦੀਯਾ ਕੁਮਾਰੀ ਤੇ ਪ੍ਰੇਮ ਚੰਦ ਬੈਰਵਾ ਰਾਜਸਥਾਨ ਦੇ ਉਪ-ਮੁੱਖ ਮੰਤਰੀ ਬਣ ਗਏ ਹਨ।
ਭਾਰਤੀ ਜਨਤਾ ਪਾਰਟੀ ਨੇ ਬੀਤੇ ਮੰਗਲਵਾਰ ਨੂੰ ਵਿਧਾਇਕ ਦਲ ਦੀ ਬੈਠਕ ਵਿੱਚ ਭਜਨ ਲਾਲ ਸ਼ਰਮਾ ਨੂੰ ਮੁੱਖ ਮੰਤਰੀ ਤੇ ਦੀਯਾ ਕੁਮਾਰੀ ਤੇ ਪ੍ਰੇਮ ਚੰਦ ਬੈਰਵਾ ਨੂੰ ਡਿਪਟੀ ਸੀਐੱਮ ਚੁਣ ਲਿਆ ਸੀ। ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਸਹੁੰ ਚੁੱਕ ਸਮਾਗਮ ਦੇ ਨਾਲ ਹੀ ਇਨ੍ਹਾਂ ਦੀ ਰਸਮ ਪੂਰੀ ਹੋ ਗਈ ਹੈ ਰੇ ਸੂਬੇ ਨੂੰ ਨਵੀਂ ਸਰਕਾਰ ਮਿਲ ਗਈ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਬਣੇ ਭਜਨ ਲਾਲ ਸ਼ਰਮਾ ਸਾਂਗਾਨੇਰ ਤੋਂ ਵਿਧਾਇਕ ਹਨ। ਉੱਥੇ ਹੀ ਡਿਪਟੀ ਸੀਐੱਮ ਬਣਾਈ ਗਈ ਦੀਯਾ ਕੁਮਾਰੀ ਵਿਦਿਆਨਗਰ ਤੇ ਪ੍ਰੇਮ ਚੰਦ ਬੈਰਵਾ ਦੂਦੂ ਤੋਂ ਵਿਧਾਇਕ ਹਨ।
ਦੱਸ ਦੇਈਏ ਕਿ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਉਤਰਦੇ ਸਮੇਂ ਇਸ ਵਾਰ ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਦਾ ਨਾਮ ਨਹੀਂ ਦੱਸਿਆ ਸੀ। ਭਾਜਪਾ ਨੂੰ ਚੋਣਾਂ ਵਿੱਚ ਬੰਪਰ ਸਫਲਤਾ ਵੀ ਮਿਲੀ ਤੇ 199 ਵਿੱਚੋਂ ਭਾਜਪਾ ਨੂੰ 115 ਸੀਟਾਂ ‘ਤੇ ਜਿੱਤ ਹਾਸਿਲ ਕੀਤੀ। ਕਾਂਗਰਸ ਪਾਰਟੀ ਸਿਰਫ 69 ਸੀਟਾਂ ‘ਤੇ ਸਿਮਟ ਗਈ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਸੀ ਕਿ ਭਾਜਪਾ ਸੂਬੇ ਦੇ ਦਿਗੱਜਾਂ ਵਿੱਚੋਂ ਹੀ ਕਿਸੇ ਨੂੰ ਮੁੱਖ ਮੰਤਰੀ ਬਣਾਏਗੀ। ਹਾਲਾਂਕਿ ਭਾਜਪਾ ਨੇ ਨਵੇਂ ਚਿਹਰਿਆਂ ‘ਤੇ ਦਾਅ ਖੇਡਿਆ ਤੇ ਰਾਜਸਥਾਨ ਵਿੱਚ 33 ਸਾਲ ਬਾਅਦ ਕਿਸੇ ਬ੍ਰਾਹਮਣ ਭਾਈਚਾਰੇ ਤੋਂ ਆਉਣ ਵਾਲੇ ਨੇਤਾ ਨੂੰ ਮੁੱਖ ਮੰਤਰੀ ਚੁਣਿਆ।