ਭਾਗਾਂ ਵਾਲੇ ਹਨ ਜਿਨਾਂ ਦੇ ਘਰ ਧੀ ਜੰਮੀ : ਡਾ. ਸੰਜੇ ਕਪੂਰ
ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ ਰੂਹੀ ਦੁੱਗ ਹਨ ਮਿਸਾਲ
ਨਵਜੰਮੀਆਂ ਬੱਚੀਆਂ ਦੇ ਜਨਮ ਤੇ ਦਿੱਤੀਆਂ ਬੇਬੀ ਕਿੱਟਾਂ
ਫ਼ਰੀਦਕੋਟ, 10 ਮਈ :- ਸਿਹਤ ਵਿਭਾਗ ਪੰਜਾਬ ਵੱਲੋਂ ਇੱਕ ਨਵੇਕਲੇ ਉਪਰਾਲੇ ਦੇ ਤਹਿਤ ਅੱਜ ਸਰਕਾਰੀ ਹਸਪਤਾਲ ਫ਼ਰੀਦਕੋਟ ਵਿੱਖੇ ਨਵ ਜੰਮੀਆਂ ਬੱਚੀਆਂ ਦੀ ਸਿਹਤ ਸੰਭਾਲ ਲਈ ਹਿਮਾਲਿਆ ਕੰਪਨੀ ਦੀਆਂ ਬੇਬੀ ਕਿੱਟਾਂ ਅਤੇ ਵਧਾਈ ਸੰਦੇਸ਼ ਦੀ ਕਾਪੀ ਬੱਚੀਆਂ ਦੀ ਮਾਂ ਨੂੰ ਭੇਂਟ ਕੀਤੀ।
ਇਸ ਮੌਕੇ ਸਿਵਲ ਸਰਜਨ ਫ਼ਰੀਦਕੋਟ ਡਾ ਸੰਜੇ ਕਪੂਰ ਨੇ ਕਿਹਾ ਕਿ ਉਹ ਪਰਿਵਾਰ ਭਾਗਾਂ ਵਾਲੇ ਹਨ ਜਿਨਾਂ ਦੇ ਘਰ ਧੀਆਂ ਜਨਮ ਲੈਂਦੀਆਂ ਹਨ । ਅੱਜ ਧੀਆਂ-ਧਿਆਣੀਆਂ ਪੜਾਈ, ਖੇਡਾਂ, ਖੇਤੀ, ਨੌਕਰੀ, ਕਾਰੋਬਾਰ ਆਦਿ ਸਣੇ ਹਰ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ ਅਤੇ ਸਮਾਜ ਦੇ ਹਰ ਮੁਕਾਮ ਤੇ ਆਪਣੇ ਮਾਪਿਆਂ ਤੇ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਮੋਜੂਦਗੀ ਦਰਜ ਕਰਵਾ ਰਹੀਆਂ ਹਨ । ਇਸ ਦੀ ਸੱਭ ਤੋਂ ਵੱਡੀ ਮਿਸਾਲ ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ ਰੂਹੀ ਦੁੱਗ ਹਨ। ਜਿੰਨਾ ਨੇ ਪੜਾਈ ਕਰਨ ਸਮੇਂ ਵੀ ਵਧੀਆ ਪੁਜੀਸ਼ਨ ਹਾਸਲ ਕੀਤੀ, ਤੇ ਪ੍ਰਸ਼ਾਸ਼ਨਿਕ ਅਧਿਕਾਰੀ ਦੇ ਤੌਰ ਤੇ ਵੀ ਕੰਮ ਦੀ ਕਾਰਜਸ਼ੈਲੀ ਨਾਲ ਜਿਲ੍ਹਾ ਫ਼ਰੀਦਕੋਟ ਨੂੰ ਤਰੱਕੀਆਂ ਵੱਲ ਲਿਜਾਇਆ ਜਾ ਰਿਹਾ ਹੈ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਗੁਲਸ਼ਨ ਰਾਏ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਸਰਕਾਰੀ ਸਿਹਤ ਕੇਂਦਰਾਂ ਵਿੱਚ ਔਰਤਾਂ ਦੇ ਗਰਭ ਧਾਰਨ ਤੋਂ ਜਣੇਪੇ ਤੱਕ ਮੁਫਤ ਇਲਾਜ ਕੀਤਾ ਜਾਂਦਾ ਹੈ । ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਸਮੇਤ ਹੋਰ ਵਿਭਾਗਾਂ ਵੱਲੋਂ ਧੀਆਂ ਦੀ ਬੇਹਤਰੀ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨਾਲ ਧੀਆਂ ਨੂੰ ਬੋਝ ਸਮਝਣ ਵਾਲਿਆਂ ਦੀ ਸੋਚ ਚ ਬਦਲਾਅ ਲਿਆ ਕੇ ਸੂਬੇ ਦੇ ਲਿੰਗ ਅਨੁਪਾਤ ਨੂੰ ਬਰਾਬਰ ਕਰਨ ਦਾ ਤਹੱਈਆ ਕੀਤਾ ਹੈ ।
ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵਜੰਮੀਆਂ ਬੱਚੀਆਂ ਲਈ ਭੇਜੀ ਗਈ ਬੇਬੀ ਕਿੱਟ ਵਿੱਚ ਸੱਤ ਆਈਟਮਾਂ ਜਿਸ ਵਿੱਚ ਬੇਬੀ ਸੈਂਪੂ, ਮਾਲਿਸ਼ ਲਈ ਤੇਲ, ਵਾਈਪਸ ਦਾ ਪੈਕ, ਬੇਬੀ ਸਾਬੁਣ, ਬੇਬੀ ਲੋਸ਼ਨ, ਬੇਬੀ ਪਾਊਡਰ ਅਤੇ ਬੇਬੀ ਡਾਈਪਰ ਰੈਸ਼ ਕਰੀਮ ਮੌਜੂਦ ਹਨ । ਉਹਨਾਂ ਕਿਹਾ ਕਿ ਸੂਬਾ ਸਰਕਾਰ ਵੀ ਧੀਆਂ ਦੇ ਹੌਸਲਿਆਂ ਨੂੰ ਉਡਾਣ ਦੇਣ, ਉਨਾਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਧੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਧੀ ਦੇ ਜਨਮ ਤੋਂ ਲੈਕੇ ਉਸ ਦੀ ਸਿਹਤ, ਪੜਾਈ ਅਤੇ ਫੇਰ ਵਿਆਹ ਤੱਕ ਦੀਆਂ ਸਾਰੀਆਂ ਰਸਮਾਂ ਨਿਭਾਉਣ ਵਿੱਚ ਮਾਪਿਆਂ ਨੂੰ ਪੂਰਨ ਸਹਿਯੋਗ ਦੇਣ ਲਈ ਅਣਥੱਕ ਯਤਨ ਕਰ ਰਹੀ ਹੈ ।
ਇਸ ਮੌਕੇ ਓਮ ਅਰੋੜਾ ਅਤੇ ਸਟਾਫ ਨਰਸਾਂ ਵੀ ਮੌਜੂਦ ਸਨ ।