ਭਾਰਤ ਬਣਿਆ ਦੁਨੀਆ ਦੀ Cancer Capital, ਰਿਪੋਰਟ ‘ਚ ਸਾਹਮਣੇ ਆਏ ਹੈਰਾਨੀਜਨਕ ਤੱਥ
ਨਵੀਂ ਦਿੱਲੀ, 9 ਅਪ੍ਰੈਲ (ਏਬੀਪੀ ਸਾਂਝਾ)- ਵਿਸ਼ਵ ਸਿਹਤ ਦਿਵਸ 2024 ‘ਤੇ ਇੱਕ ਹੈਰਾਨੀਜਨਕ ਰਿਪੋਰਟ ਸਾਹਮਣੇ ਆਈ ਹੈ। ਅਪੋਲੋ ਹਸਪਤਾਲਾਂ ਦੀ ਹੈਲਥ ਆਫ਼ ਨੇਸ਼ਨ ਰਿਪੋਰਟ ਦੇ ਚੌਥੇ ਐਡੀਸ਼ਨ ਵਿੱਚ ਭਾਰਤ ਨੂੰ ‘ਕੈਂਸਰ ਕੈਪੀਟਲ ਆਫ਼ ਦਾ ਵਰਲਡ’ ਦਾ ਟੈਗ ਮਿਲਿਆ ਹੈ। ਇਸ ਰਿਪੋਰਟ ਵਿੱਚ ਗੈਰ ਸੰਚਾਰੀ ਬਿਮਾਰੀਆਂ ਬਾਰੇ ਗੰਭੀਰ ਤੱਥ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਭਾਰਤ ਵਿੱਚ ਕੈਂਸਰ, ਸ਼ੂਗਰ, ਹਾਈਪਰਟੈਨਸ਼ਨ, ਦਿਲ ਦੇ ਰੋਗ ਤੇ ਮਾਨਸਿਕ ਸਿਹਤ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਰਿਪੋਰਟ ਵਿੱਚ ਦੇਸ਼ ਭਰ ਦੇ ਅੰਕੜੇ ਹਨ ਪਰ ਭਾਰਤ ਦੀ ਸਥਿਤੀ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਗੰਭੀਰ ਹੈ।
ਅਪੋਲੋ ਹਸਪਤਾਲ ਦੀ ਰਿਪੋਰਟ, ਭਾਰਤ ਲਈ ਚੇਤਾਵਨੀ
ਅਪੋਲੋ ਹਸਪਤਾਲ ਦੀ ਰਿਪੋਰਟ ਦੇ ਅਨੁਸਾਰ, ਤਿੰਨ ਵਿੱਚੋਂ ਇੱਕ ਭਾਰਤੀ ਪ੍ਰੀ-ਡਾਇਬਟੀਜ਼ ਹੈ, ਤਿੰਨ ਵਿੱਚੋਂ ਦੋ ਪ੍ਰੀ-ਹਾਈਪਰਟੈਂਸਿਵ ਹਨ ਤੇ 10 ਵਿੱਚੋਂ ਇੱਕ ਡਿਪਰੈਸ਼ਨ ਤੋਂ ਪੀੜਤ ਹੈ। ਕੈਂਸਰ, ਸ਼ੂਗਰ, ਹਾਈਪਰਟੈਨਸ਼ਨ, ਦਿਲ ਦੀ ਬਿਮਾਰੀ ਤੇ ਮਾਨਸਿਕ ਸਿਹਤ ਸਮੱਸਿਆਵਾਂ ਨਾਜ਼ੁਕ ਪੱਧਰ ‘ਤੇ ਪਹੁੰਚ ਗਈਆਂ ਹਨ, ਜਿਸ ਦਾ ਦੇਸ਼ ਉੱ’ਤੇ ਮਹੱਤਵਪੂਰਨ ਅਸਰ ਪੈ ਰਿਹਾ ਹੈ। ਇਹ ਰਿਪੋਰਟ ਸਿਰਫ਼ ਖੋਜ ਨਹੀਂ ਸਗੋਂ ਭਾਰਤ ਲਈ ਚੇਤਾਵਨੀ ਹੈ ਕਿਉਂਕਿ ਭਾਰਤੀ ਨੌਜਵਾਨਾਂ ਵਿੱਚ ਪ੍ਰੀ-ਡਾਇਬੀਟੀਜ਼, ਪ੍ਰੀ-ਹਾਈਪਰਟੈਨਸ਼ਨ ਤੇ ਮਾਨਸਿਕ ਸਿਹਤ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ।
ਭਾਰਤ ਵਿੱਚ ਇਨ੍ਹਾਂ ਕੈਂਸਰਾਂ ਦਾ ਖ਼ਤਰਾ ਸਭ ਤੋਂ ਵੱਧ
ਭਾਰਤ ਵਿੱਚ ਔਰਤਾਂ ਵਿੱਚ ਛਾਤੀ ਦਾ ਕੈਂਸਰ ਸਭ ਤੋਂ ਆਮ ਕੈਂਸਰ ਹੈ। ਇਸ ਤੋਂ ਬਾਅਦ ਸਰਵਾਈਕਲ ਕੈਂਸਰ ਅਤੇ ਅੰਡਕੋਸ਼ ਕੈਂਸਰ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਮਰਦਾਂ ਵਿੱਚ ਸਭ ਤੋਂ ਵੱਧ ਫੇਫੜਿਆਂ ਦਾ ਕੈਂਸਰ ਹੈ। ਇਸ ਤੋਂ ਬਾਅਦ ਓਰਲ ਕੈਂਸਰ ਅਤੇ ਪ੍ਰੋਸਟੇਟ ਕੈਂਸਰ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ।
ਦੇਸ਼ ਵਿੱਚ ਕੈਂਸਰ ਦੀ ਜਾਂਚ ਨਾ ਬਰਾਬਰ
ਰਿਪੋਰਟ ਮੁਤਾਬਕ ਦੇਸ਼ ਵਿੱਚ ਕੈਂਸਰ ਸਕਰੀਨਿੰਗ ਦਰ ਬਹੁਤ ਘੱਟ ਹੈ। ਭਾਰਤ ਵਿੱਚ, 1.9 ਪ੍ਰਤੀਸ਼ਤ ਛਾਤੀ ਦੇ ਕੈਂਸਰ ਦੀ ਜਾਂਚ ਕੀਤੀ ਜਾਂਦੀ ਹੈ ਜਦੋਂ ਕਿ ਅਮਰੀਕਾ ਵਿੱਚ 82%, ਯੂਕੇ ਵਿੱਚ 70% ਅਤੇ ਚੀਨ ਵਿੱਚ 23% ਦੀ ਜਾਂਚ ਕੀਤੀ ਜਾਂਦੀ ਹੈ। ਨਾਲ ਹੀ, ਸਰਵਾਈਕਲ ਕੈਂਸਰ ਦਾ ਸਿਰਫ 0.9 ਪ੍ਰਤੀਸ਼ਤ ਭਾਰਤ ਵਿੱਚ ਨਿਦਾਨ ਕੀਤਾ ਜਾਂਦਾ ਹੈ ਜਦੋਂ ਕਿ ਇਹ ਅਮਰੀਕਾ ਵਿੱਚ 73%, ਯੂਕੇ ਵਿੱਚ 70% ਅਤੇ ਚੀਨ ਵਿੱਚ 43% ਹੈ।
ਭਾਰਤ ਨੂੰ 3.55 ਟ੍ਰਿਲੀਅਨ ਡਾਲਰ ਦਾ ਨੁਕਸਾਨ
ਰਿਪੋਰਟ ਮੁਤਾਬਕ ਭਾਰਤ ਵਿੱਚ ਲਗਭਗ 63 ਫੀਸਦੀ ਮੌਤਾਂ ਗੈਰ ਸੰਚਾਰੀ ਬਿਮਾਰੀਆਂ ਕਾਰਨ ਹੁੰਦੀਆਂ ਹਨ। 2030 ਤੱਕ, ਭਾਰਤ ਨੂੰ ਇਹਨਾਂ ਬਿਮਾਰੀਆਂ ਕਾਰਨ ਆਰਥਿਕ ਉਤਪਾਦਨ ਵਿੱਚ 3.55 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। 2020 ਵਿੱਚ ਕੈਂਸਰ ਦੇ 1.39 ਮਿਲੀਅਨ ਮਾਮਲੇ ਦਰਜ ਕੀਤੇ ਗਏ ਸਨ। ਇਸ ਮੁਤਾਬਕ ਆਉਣ ਵਾਲੇ 5 ਸਾਲਾਂ ‘ਚ ਕੈਂਸਰ ਦੇ ਮਾਮਲਿਆਂ ‘ਚ 13 ਫੀਸਦੀ ਦਾ ਵਾਧਾ ਹੋ ਸਕਦਾ ਹੈ।
ਰਿਪੋਰਟ ਦੇ ਹੋਰ ਹੈਰਾਨੀਜਨਕ ਤੱਥ
ਡਿਪਰੈਸ਼ਨ ਦੇ ਸਭ ਤੋਂ ਵੱਧ ਮਾਮਲੇ 18 ਤੋਂ 25 ਸਾਲ ਦੀ ਉਮਰ ਦੇ ਲੋਕਾਂ ਵਿੱਚ ਦੇਖੇ ਜਾਂਦੇ ਹਨ। ਮੋਟਾਪੇ ਦੀ ਦਰ 2016 ਵਿੱਚ 9 ਪ੍ਰਤੀਸ਼ਤ ਤੋਂ ਵੱਧ ਕੇ 2023 ਵਿੱਚ 20 ਪ੍ਰਤੀਸ਼ਤ ਹੋ ਗਈ ਹੈ। ਨਾਲ ਹੀ, ਹਾਈ ਬਲੱਡ ਪ੍ਰੈਸ਼ਰ ਦੇ ਮਾਮਲੇ 9 ਫੀਸਦੀ ਤੋਂ ਵਧ ਕੇ 13 ਫੀਸਦੀ ਹੋ ਗਏ ਹਨ।
ਭਾਰਤ ਕੈਂਸਰ ਕੈਪੀਟਲ ਕਿਵੇਂ
ਮੇਘਾਲਿਆ ਨੂੰ 2023 ‘ਚ ‘ਕੈਂਸਰ ਕੈਪੀਟਲ ਆਫ ਇੰਡੀਆ’ ਕਿਹਾ ਗਿਆ ਸੀ। ਉੱਤਰ ਪੂਰਬੀ ਇੰਦਰਾ ਗਾਂਧੀ ਰੀਜਨਲ ਇੰਸਟੀਚਿਊਟ ਆਫ ਹੈਲਥ ਐਂਡ ਮੈਡੀਕਲ ਸਾਇੰਸਿਜ਼ ਦੇ ਡਾਇਰੈਕਟਰ ਡਾ: ਨਲਿਨ ਮਹਿਤਾ ਨੇ ਕਿਹਾ ਕਿ ਮੇਘਾਲਿਆ ਵਿੱਚ ਕੈਂਸਰ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਸਿਗਰਟਨੋਸ਼ੀ ਹੈ। ਰਾਜ ਵਿੱਚ ਸਭ ਤੋਂ ਵੱਧ esophageal ਕੈਂਸਰ ਦੇ ਮਾਮਲੇ ਸਾਹਮਣੇ ਆਏ ਹਨ। 7 ਲੱਖ ਤੋਂ ਵੱਧ ਲੋਕ ਇਸ ਕੈਂਸਰ ਤੋਂ ਪ੍ਰਭਾਵਿਤ ਹਨ।
ਅਪੋਲੋ ਹਸਪਤਾਲ ਦੇ ਸੀਈਓ ਦਾ ਜਵਾਬ
ਅਪੋਲੋ ਹਸਪਤਾਲ ਦੇ ਪ੍ਰੈਜ਼ੀਡੈਂਟ ਤੇ ਸੀਈਓ ਡਾ. ਮਧੂ ਸ਼ਸ਼ੀਧਰ ਨੇ ਕਿਹਾ, ‘ਬਿਹਤਰ ਸਿਹਤ ਸੰਭਾਲ ਅਤੇ ਬਿਹਤਰ ਜਾਂਚ ਲਈ ਨਵੀਨ ਤਕਨਾਲੋਜੀ ਦੀ ਲੋੜ ਹੈ। ਉਨ੍ਹਾਂ ਨੇ ਬਿਮਾਰੀ ਦੀ ਰੋਕਥਾਮ, ਨਿਦਾਨ ਵਿੱਚ ਸਟੀਕਤਾ ਅਤੇ ਮਰੀਜ਼-ਕੇਂਦ੍ਰਿਤ ਇਲਾਜ ਅਭਿਆਸਾਂ ਨੂੰ ਵਧਾਉਣ ਲਈ ਤਕਨਾਲੋਜੀ ਦੀ ਵਰਤੋਂ ‘ਤੇ ਜ਼ੋਰ ਦਿੱਤਾ।