ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵਲੋਂ ਕੋਵਿਡ ਵੈਕਸੀਨੇਸ਼ਨ ਕੈਂਪ ਦਾ ਆਯੋਜਨ
ਕੋਵਿਡ-19, ਸਵੱਛ ਭਾਰਤ ਤੇ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਬਾਰੇ ਦਿੱਤੀ ਗਈ ਜਾਣਕਾਰੀ
ਏ.ਡੀ.ਸੀ. ਰਾਜਦੀਪ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਟੀਕਾਕਰਣ ਲਈ ਕੀਤਾ ਗਿਆ ਪ੍ਰੇਰਿਤ
ਫ਼ਰੀਦਕੋਟ, 14 ਮਾਰਚ (ਗੁਰਮੀਤ ਸਿੰਘ ਬਰਾੜ)ਕੋਰੋਨਾ ਵਾਇਰਸ ਮਹਾਂਮਾਰੀ’ ਤੇ ਪੂਰੀ ਤਰਾਂ ਠੱਲ ਪਾਉਣ ਲਈ ਦੇਸ਼ ਭਰ ਵਿੱਚ ਵੱਖੋ-ਵੱਖ ਥਾਵਾਂ ‘ਤੇ ਟੀਕਾਕਰਨ ਕੈਂਪ ਲਗਾ ਕੇ ਜੰਗੀ ਪੱਧਰ ਉੱਤੇ ਟੀਕਾਕਰਣ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿੱਚ ਲਾਏ ਗਏ ਵੈਕਸੀਨੇਸ਼ਨ ਕੈਂਪ ਵਿੱਚ ਲੋਕਾਂ ਦਾ ਮੁਫ਼ਤ ਟੀਕਾਕਰਣ ਕੀਤਾ ਗਿਆ। ਇਸ ਮੌਕੇ ਏ.ਡੀ.ਸੀ. ਰਾਜਦੀਪ ਸਿੰਘ ਬਰਾੜ (ਪੀ.ਸੀ.ਐੱਸ.) ਨੇ ਕਿਹਾ ਕਿ ਇਹ ਇਕ ਚੰਗਾ ਉਪਰਾਲਾ ਹੈ ਅਤੇ ਇਸ ਮੁਹਿੰਮ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਕੋਵਿਡ ਟੀਕਾਕਰਣ ਦੀ ਮੁਹਿੰਮ ਦੇ ਤਹਿਤ ਜ਼ਮੀਨੀ ਪੱਧਰ ‘ਤੇ ਕਾਫੀ ਕੰਮ ਕੀਤਾ ਗਿਆ ਹੈ। ਇਸਦੇ ਨਾਲ ਹੀ ਉਹਨਾਂ ਲੋਕਾਂ ਨੂੰ ਵੱਧ ਚੜ੍ਹ ਕੇ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ।
ਪ੍ਰੋਗਰਾਮ ਦੌਰਾਨ ਜਾਣਕਾਰੀ ਦਿੰਦਿਆਂ ਫੀਲਡ ਆਊਟਰੀਚ ਬਿਊਰੋ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ ਵੱਧ ਤੋਂ ਵੱਧ ਹੱਥ ਸਾਫ ਰੱਖ ਕੇ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੇ ਨਾਲ ਕੁਝ ਹੋਰ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਸਰਕਾਰ ਦੀ ਸੱਭ ਤੋਂ ਪਹਿਲੀ ਪ੍ਰਾਥਮਿਕਤਾ ਲੋਕਾਂ ਦੀ ਸਿਹਤ ਹੈ ਅਤੇ ਇਸੇ ਦੇ ਮੱਦੇਨਜ਼ਰ ਵੱਡੇ ਪੱਧਰ ‘ਤੇ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ.ਚੰਦਰ ਸ਼ੇਖਰ ਨੇ ਕਿਹਾ ਕਿ ਇਲਾਕੇ ਵਿੱਚ ਵੱਡੇ ਪੱਧਰ ਉੱਤੇ ਕੋਵਿਡ-19 ਦੀ ਵੈਕਸੀਨੇਸ਼ਨ ਦਾ ਕੰਮ ਚੱਲ ਰਿਹਾ ਹੈ, ਜਿਸਨੂੰ ਜੰਗੀ ਪੱਧਰ ਉੱਤੇ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਕੋਵਿਡ ਦੇ ਲਛੱਣ ਮਹਿਸੂਸ ਹੋਣ ਤਾਂ ਉਸਨੂੰ ਫੌਰੀ ਤੌਰ ‘ਤੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰੋ. ਰਾਜੇਸ਼ਵਰੀ ਦੇਵੀ ਤੇ ਸੰਦੀਪ ਸਿੰਘ ਨੇ ਵੀ ਮੰਚ ਤੋਂ ਸੰਬੋਧਨ ਕੀਤਾ। ਸਰਕਾਰੀ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਕਮਲਦੀਪ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਭਵਿੱਖ ਵਿਚ ਵੀ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਵਿਚ ਜਾਗਰੂਕਤਾ ਵਧਾਈ ਜਾ ਸਕੇ। ਇਸ ਮੌਕੇ ਕਲਾਕਾਰਾਂ ਵੱਲੋਂ ਨਾਟਕ ਦੇ ਜ਼ਰੀਏ ਕੋਵਿਡ-19 ਬਾਰੇ ਜਾਗਰੂਕਤਾ ਦਾ ਸੁਨੇਹਾ ਦਿੰਦਿਆਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਇਸਦੇ ਨਾਲ ਹੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ਕਾਰੀਆਂ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇਸ ਪ੍ਰੋਗਰਾਮ ਵਿਚ ਐਨ.ਐੱਸ.ਐੱਸ. ਤੇ ਐਨ.ਵਾਈ.ਕੇ. ਨੇ ਵੱਧ ਚੜ੍ਹ ਕੇ ਹਿੱਸਾ ਲਿਆ।