ਮਨੀਸ਼ ਸਿਸੋਦੀਆ ਨੂੰ ਝਟਕਾ, SC ਨੇ ਸ਼ਰਾਬ ਘੁਟਾਲਾ ਮਾਮਲੇ ‘ਚ ਜ਼ਮਾਨਤ ਪਟੀਸ਼ਨ ਕੀਤੀ ਖਾਰਜ
ਦਿੱਲੀ, 30 ਅਕਤੂਬਰ (ਰੋਜਾਨਾ ਸਪੋਕਸਮੈਨ)- ਦਿੱਲੀ ਸ਼ਰਾਬ ਘੁਟਾਲਾ ਮਾਮਲੇ ਵਿਚ ਜੇਲ੍ਹ ਵਿਚ ਬੰਦ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਉਹਨਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਐਸਵੀਐਨ ਭੱਟੀ ਦੇ ਬੈਂਚ ਨੇ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ 336 ਕਰੋੜ ਰੁਪਏ ਦੀ ਮਨੀ ਟ੍ਰੇਲ ਸਾਬਤ ਹੋ ਚੁੱਕੀ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 6 ਤੋਂ 8 ਮਹੀਨਿਆਂ ਵਿਚ ਮੁਕੰਮਲ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ, ‘ਅਸੀਂ ਕਿਹਾ ਸੀ ਕਿ ਕੁਝ ਪਹਿਲੂ ਅਜੇ ਵੀ ਸ਼ੱਕੀ ਹਨ, ਪਰ 338 ਕਰੋੜ ਰੁਪਏ ਦੇ ਟਰਾਂਸਫਰ ਦਾ ਪਹਿਲੂ ਲਗਭਗ ਸਾਬਤ ਹੋ ਰਿਹਾ ਹੈ। ਇਸ ਲਈ ਜ਼ਮਾਨਤ ਦੀ ਅਰਜ਼ੀ ਰੱਦ ਕੀਤੀ ਜਾ ਰਹੀ ਹੈ ਪਰ ਇੱਕ ਗੱਲ ਹੋਰ ਦੱਸਣਾ ਚਾਹੁੰਦੇ ਹਾਂ ਕਿ ਜਾਂਚ ਏਜੰਸੀ ਨੇ ਭਰੋਸਾ ਦਿੱਤਾ ਹੈ ਕਿ 6 ਤੋਂ 8 ਮਹੀਨਿਆਂ ਵਿਚ ਸੁਣਵਾਈ ਪੂਰੀ ਕਰ ਲਈ ਜਾਵੇਗੀ। ਇਸ ਲਈ ਜੇਕਰ ਤਿੰਨ ਮਹੀਨਿਆਂ ਵਿਚ ਅਜਿਹਾ ਲੱਗਦਾ ਹੈ ਕਿ ਮੁਕੱਦਮੇ ਦੀ ਰਫ਼ਤਾਰ ਮੱਠੀ ਹੈ ਤਾਂ ਜ਼ਮਾਨਤ ਲਈ ਪਟੀਸ਼ਨ ਦੁਬਾਰਾ ਦਾਇਰ ਕੀਤੀ ਜਾ ਸਕਦੀ ਹੈ।