ਮਨੁੱਖੀ ਹੱਕਾਂ ਦੇ ਘਾਣ ਦੇ ਜ਼ਿੰਦਾ ਸਬੂਤ ਰਾਜੋਆਣੇ ਦੇ ਹੱਕ ਵਿੱਚ ਹਰ ਸੰਵੇਦਨਸ਼ੀਲ ਪੰਜਾਬੀ ਖੜਾ ਹੋਵੇ:- ਕੇਂਦਰੀ ਸਿੰਘ ਸਭਾ
Advertisement
ਚੰਡੀਗੜ੍ਹ, 5 ਦਸੰਬਰ (ਪੰਜਾਬ ਡਾਇਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀਆਂ ਅਪੀਲਾਂ ਨੂੰ ਰੱਦ ਕਰਦਿਆਂ, ਕੇਂਦਰੀ ਜੇਲ੍ਹ ਪਟਿਆਲਾ ਵਿੱਚ ਕੈਦ, ਬਲਵੰਤ ਸਿੰਘ ਰਾਜੋਆਣੇ ਨੇ, ਅਕਾਲ ਤਖ਼ਤ ਸਾਹਿਬ ਨੂੰ ਦਿੱਤੇ ਪੱਤਰ ਅਨੁਸਾਰ ਅੱਜ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਿਸਦੇ ਹੱਕ ਵਿੱਚ ਹਰ ਸੰਵੇਦਨਸ਼ੀਲ ਪੰਜਾਬੀ ਨੂੰ ਖੜਾ ਹੋਣਾ ਚਾਹੀਦਾ।
ਪਿਛਲੇ 28 ਸਾਲਾਂ ਤੋਂ ਜੇਲ੍ਹ ਦੀ ਸਲਾਖਾਂ ਪਿਛੇ ਬੰਦ ਅਤੇ 17 ਸਾਲਾਂ ਤੋਂ ਫਾਂਸੀ ਦੀ ਸਜ਼ਾ ਹੋਣ ਪਿੱਛੋ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਚੱਕੀਆਂ ਵਿੱਚ ਨਜ਼ਰਬੰਦ ਰੱਖਣਾ ਮਨੁੱਖੀ ਹੱਕਾਂ ਦੇ ਘਾਣ ਦਾ ਪ੍ਰਤੱਖ ਸਬੂਤ ਤੇ ਸਿੱਖਾਂ ਉੱਤੇ ਹੋਏ ਅਣਮਨੁੱਖੀ ਖੂਨ-ਖਰਾਬੇ ਦੀ ਜਿਉਂਦੀ ਜਾਗਦੀ ਕਹਾਣੀ ਦਾ ਅਹਿਮ ਹਿੱਸਾ ਵੀ ਹੈ।
ਸਿੰਘ ਸਭਾ ਨਾਲ ਜੁੜੇ ਜਮਹੂਰੀ ਅਤ-ਪਸੰਦ ਬੁੱਧੀਜੀਵੀਆਂ ਨੇ ਕਿਹਾ ਦੇਸ਼ ਵਿੱਚੋਂ ਸਾਇਦ ਰਾਜੋਆਣਾ ਪਹਿਲਾਂ ਵਿਅਕਤੀ ਹੈ ਜਿਹੜਾ ਪਿਛਲੇ 17 ਸਾਲਾਂ ਤੋਂ ਫਾਂਸੀ ਚੱਕੀਆਂ ਵਿੱਚ ਜ਼ਿੰਦਗੀ-ਮੌਤ ਵਿੱਚ ਲਟਕ ਦਾ ਅਣਮਨੁੱਖੀ ਤਸੱਦਦ ਝੱਲ ਰਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ 1995 ਵਿੱਚੋਂ ਕਤਲ ਵਿੱਚ ਸ਼ਾਮਿਲ ਬਲਵੰਤ ਸਿੰਘ ਰਾਜੋਆਣੇ ਨੂੰ 2012 ਵਿੱਚ ਸੁਪਰੀਮ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਜਿਸਦੇ ਵਿਰੋਧ ਵਿੱਚ ਜਦੋਂ ਪੰਜਾਬ ਵਿੱਚ ਮੁਜ਼ਾਹਰੇ-ਰੋਸ ਵਿਖਾਵੇ ਹੋਏ ਤਾਂ ਉਸ ਸਮੇਂ ਦੀ ਹਾਕਮ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੋਂ ਰਾਸ਼ਟਰਪਤੀ ਕੋਲ ਰਾਜੋਆਣੇ ਦੀ ਤਰਫ ਤੋਂ ਰਹਿਮ ਦੀ ਅਪੀਲ ਪਾ ਦਿੱਤੀ ਸੀ। ਰਾਸ਼ਟਰਪਤੀ ਨੇ ਅਣਮਿੱਥੇ ਸਮੇਂ ਲਈ ਰਾਜੋਆਣੇ ਦੀ ਫਾਂਸੀ ਟਾਲ ਦਿੱਤੀ ਸੀ।
ਪਿਛਲੇ ਦਿਨਾਂ, ਰਾਜੋਆਣੇ ਨੂੰ ਅਕਾਲ ਤਖ਼ਤ ਨੂੰ ਆਪਣੇ ਪੱਤਰ ਵਿੱਚ ਕਿਹਾ ਕਿ ਕੇਂਦਰ ਵਿੱਚ ਸੱਤਾ ਦੇ ਭਾਈਵਾਲ ਹੋਣ ਦੇ ਬਾਵਜੂਦ ਵੀ ਅਕਾਲੀ ਸਰਕਾਰ ਨੇ ਉਸਦੇ ਕੇਸ ਨੂੰ ਇਮਾਨਦਾਰੀ ਨਾਲ ਪੈਰਵਾਈ ਨਹੀਂ ਕੀਤੀ। ਇਸ ਤਰ੍ਹਾਂ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੇ ਕੇਸਾਂ ਪ੍ਰਤੀ ਵੀ ਅਕਾਲੀਆਂ ਨੂੰ ਬੇਰੁਖੀ ਦਿਖਾਈ ਹੈ। ਇਸ ਕਰਕੇ ਅਕਾਲੀ ਲੀਡਰ ਅਕਾਲ ਤਖ਼ਤ ਉੱਤੇ ਆਪਣੀ ਕੀਤੀਆਂ ਗਲਤੀਆਂ ਦੀ ਮੁਆਫੀ ਮੰਗਣ।
ਅਕਾਲੀ ਲੀਡਰ ਹਮੇਸ਼ਾ ਆਪਣੀ ਇਕਲਾਖੀ ਜ਼ਿੰਮੇਵਾਰੀ ਤੋਂ ਭਗੌੜੇ ਰਹੇ ਹਨ। ਕਿਉਂਕਿ ਅਕਾਲੀ ਦਲ ਨੇ ਹੀ ਧਰਮਯੁੱਧ ਮੋਰਚੇ ਕਰਕੇ ਹੀ ਸਿੱਖ ਰੋਸ-ਮੁਜ਼ਾਹਰਿਆਂ ਦੇ ਰਾਹ ਪਏ। ਦਰਬਾਰ ਸਾਹਿਬ ਉੱਤੇ ਫੌਜ ਦਾ ਹਮਲਾ ਹੋਇਆ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਈ। ਅਕਾਲੀ ਦਲ 1997 ਵਿੱਚ ਸੱਤਾ ਦੀ ਕੁਰਸੀ ਉੱਤੇ ਇਹ ਵਾਇਦੇ ਕਰਕੇ ਬੈਠਾ ਸੀ ਕਿ ਉੱਤੇ ਸਿੱਖਾਂ ਉੱਤੇ ਹੋਏ ਅਣ-ਮਨੁੱਖੀ ਤਸੱਦਦ ਤੇ ਕਤਲੇਆਮ ਦੀ ਜਾਂਚ ਕਰਵਾਏਗਾ। ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾ ਦੇਣੇਗਾ। ਪਰ ਹੋਇਆ ਸਭ ਕੁਝ ਉਲਟ, ਸੱਤਾ ਸੰਭਾਲਦਿਆ ਅਕਾਲੀ ਦਲ ਨੇ ਕੇਂਦਰੀ ਦਿੱਲੀ ਸਰਕਾਰ ਦੀ ਸਿੱਖ-ਮਾਰੂ ਨੀਤੀਆਂ ਅਪਣਾ ਲਈਆ। ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਵਾਉਣ ਤੋਂ ਅੱਖਾਂ ਫੇਰ ਲਈਆ, ਦੋਸ਼ੀ ਪੁਲਿਸ ਅਫਸਰਾਂ ਦੇ ਕੇਸ ਪੰਜਾਬ ਦੇ ਸਰਕਾਰੀ ਖਜ਼ਾਨੇ ਵਿੱਚੋਂ ਪੈਸੇ ਖਰਚ ਕੇ ਕਚਿਹਰੀਆਂ ਵਿੱਚ ਲੜੇ ਅਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਚੰਗੇ ਅਹੁਦਿਆਂ ਨਾਲ ਨਵਾਜ਼ਿਆਂ।
ਬੁੱਧੀਜੀਵੀਆਂ ਨੇ ਕਿਹਾ ਇਥੇ ਹੀ ਬਸ ਨਹੀਂ, ਸਿੱਖਾਂ ਦੀ ਸਿਆਸੀ ਪਾਰਟੀ ਹੋਣ ਦਾ ਦਮ ਭਰਦੇ, ਅਕਾਲੀਆਂ ਨੇ ਹਿੰਦੂਤਵੀ ਪਾਰਟੀ ਤੋਂ ਵੀ ਅੱਗੇ ਹੋਕੇ, ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ “ਅੱਤਵਾਦੀ” ਗਰਦਾਨਦਿਆਂ ਅਤੇ ਘੱਟਗਿਣਤੀਆਂ ਵਿਰੁੱਧ ਰਾਸ਼ਟਰਵਾਦੀ ਸਿਆਸਤ ਦੇ ਰਾਹ ਤੁਰ ਪਿਆ। ਇਸ ਕਰਕੇ, ਸਿਆਸੀ ਪਾਰਟੀਆਂ ਦੀਆਂ ਹੇਰਾਫੇਰੀਆਂ ਅਤੇ ਗੈਰ-ਇਖ਼ਲਾਕੀ ਕਿਰਦਾਰ ਦਾ ਰਾਜੋਆਣਾ ਸ਼ਾਖਸ਼ਾਤ ਗਵਾਹ ਹੈ ਜਿਸ ਦੇ ਹੱਕ ਵਿੱਚ ਸਿੱਖਾਂ ਨੂੰ ਖੜਨਾ ਚਾਹੀਦਾ ਹੈ।
ਇਸ ਮੌਕੇ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਮਾਲਵਿੰਦਰ ਸਿੰਘ ਮਾਲੀ, ਗੁਰਸ਼ਮਸ਼ੀਰ ਸਿੰਘ ਵੜੈਚ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਂਸਲ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ, ਆਦਿ ਨੇ ਸਮੂਲੀਅਤ ਕੀਤੀ ।