ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸ਼ਿਰਕਤ
ਹੁਸ਼ਿਆਰਪੁਰ, 5 ਮਈ (ਪੰਜਾਬੀ ਜਾਗਰਣ)- ਪਹਿਲਾਂ ਦੀਆਂ ਸਰਕਾਰਾਂ ਦੇ ਆਗੂ ਜਿਨ੍ਹਾਂ ਦੇ ਨਾਵਾਂ ‘ਤੇ ਸਿਆਸਤ ਕਰਦੇ ਰਹੇ ਉਨ੍ਹਾਂ ਦੀਆਂ ਯਾਦਗਾਰਾਂ ‘ਤੇ ਨਹੀਂ ਪਹੁੰਚੇ। ਜਿਹੜੇ ਸ਼ਹੀਦਾਂ ਦੀਆਂ ਕੁਰਬਾਨੀਆਂ ਲਿਖਣ ਲਈ ਸਿਆਹੀ ਮੁੱਕ ਜਾਵੇ ਉਨ੍ਹਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਹਾਨ ਸਿੱਖ ਯੋਧਾ ਤੇ ਰਾਮਗੜ੍ਹੀਆ ਮਿਸਲ ਦੇ ਸੰਸਥਾਪਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਵਸ ਮੌਕੇ ਮੁਕੇਰੀਆਂ ਦੇ ਪਿੰਡ ਸਿੰਘਪੁਰ ਜੱਟਾਂ ਵਿਖੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਪੰਜਾਬ ਦੇ ਹਰ ਪਿੰਡ ਦਾ ਆਪਣਾ ਇਤਿਹਾਸ ਹੈ। ਪੰਜਾਬ ਦੇ ਸ਼ਹੀਦਾਂ ਨੇ ਆਪਣੇ ਲਈ ਨਹੀਂ ਸਗੋਂ ਲੋਕਾਂ ਲਈ ਕੁਰਬਾਨੀਆਂ ਕੀਤੀਆਂ ਹਨ। ਸਾਡੇ ਖੂਨ ਵਿੱਚ ਲੋਕਾਂ ਲਈ ਲੜਨ ਦੀ ਗੁੜ੍ਹਤੀ ਮਿਲ਼ੀ ਹੋਈ ਹੈ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨਾਲ ਜੁੜੇ ਇਤਿਹਾਸਿਕ ਪਿੰਡ ਪਹੁੰਚਣ ਤੇ ਉਨ੍ਹਾਂ ਦੀਆਂ ਜੀਵਨ ਯਾਦਾਂ ਦੇਖ ਕੇ ਉਨ੍ਹਾਂ ਦੀ ਵਿਰਾਸਤ ਨੂੰ ਅਗਲੀ ਪੀੜ੍ਹੀ ਨੂੰ ਦੱਸਣਾ ਸਾਡਾ ਫਰਜ ਹੈ। ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਓਹ ਜਲਦੀ ਖ਼ਤਮ ਹੋ ਜਾਂਦੀਆਂ ਹਨ।
ਇਸ ਮੌਕੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ,ਐੱਸਐੱਸਪੀ ਸਰਤਾਜ ਸਿੰਘ ਚਾਹਲ, ਐੱਸਡੀਐੱਮ ਓਜਸਵੀ ਅਲੰਕਾਰ, ਵਿਧਾਇਕ ਸ਼ਾਮਚੁਰਾਸੀ ਡਾਕਟਰ ਰਵਜੋਤ ਸਿੰਘ, ਵਿਧਾਇਕ ਹਲਕਾ ਦਸੂਹਾ ਕਰਮਬੀਰ ਸਿੰਘ ਘੁੰਮਣ, ਹਲਕਾ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਪ੍ਰੋ ਜੀਐੱਸ ਮੁਲਤਾਨੀ, ਸਤਵੰਤ ਸਿੰਘ ਸਿਆਣ, ਹਰਦੇਵ ਸਿੰਘ ਕੌਂਸਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।