ਮਹਿਲਾ ਕੋਚ ਨਾਲ ਛੇੜਛਾੜ ਦਾ ਮਾਮਲਾ: ਹਰਿਆਣਾ ਦੇ ਸਾਬਕਾ ਮੰਤਰੀ ਨੂੰ ਸ਼ਰਤਾਂ ਦੇ ਨਾਲ ਮਿਲੀ ਅਗਾਊਂ ਜ਼ਮਾਨਤ
ਚੰਡੀਗੜ੍ਹ, 16 ਸਤੰਬਰ (ਰੋਜਾਨਾ ਸਪੋਕਸਮੈਨ)- ਹਰਿਆਣਾ ਦੀ ਜੂਨੀਅਰ ਮਹਿਲਾ ਕੋਚ ਦੇ ਜਿਨਸੀ ਸੋਸ਼ਣ ਦੇ ਮਾਮਲੇ ਵਿਚ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਏ। ਉਥੇ ਉਨ੍ਹਾਂ ਨੇ ਏਸੀਜੇਐਮ ਰਾਹੁਲ ਗਰਗ ਦੀ ਅਦਾਲਤ ਵਿਚ ਅਪਣਾ ਜ਼ਮਾਨਤੀ ਬਾਂਡ ਭਰਿਆ। ਅਦਾਲਤ ਨੇ ਅਗਲੀ ਸੁਣਵਾਈ ਲਈ 10 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ। ਪੀੜਤ ਧਿਰ ਵਲੋਂ ਐਡਵੋਕੇਟ ਦਿਪਾਂਸ਼ੂ ਬਾਂਸਲ ਹਾਜ਼ਰ ਸਨ। ਉਨ੍ਹਾਂ ਨੇ ਹੇਠਲੀ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਅਦਾਲਤ ਵਲੋਂ ਦਿਤੇ ਹੁਕਮਾਂ ਵਿਚ ਲਾਈਆਂ ਸ਼ਰਤਾਂ ’ਤੇ ਵਿਚਾਰ ਕਰੇ।
ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਹਰਿਆਣਾ ਦੀ ਖੱਟਰ ਸਰਕਾਰ ਵਿਚ ਰਾਜ ਮੰਤਰੀ ਸੰਦੀਪ ਸਿੰਘ ਨੂੰ ਸ਼ਰਤੀਆ ਅਗਾਊਂ ਜ਼ਮਾਨਤ ਦੇ ਦਿਤੀ ਹੈ। ਅਦਾਲਤ ਨੇ ਮੰਤਰੀ ਦੀ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ 10 ਦਿਨਾਂ ਦੇ ਅੰਦਰ ਹੇਠਲੀ ਅਦਾਲਤ ਅੱਗੇ ਆਤਮ ਸਮਰਪਣ ਕਰਨ ਦੀ ਸ਼ਰਤ ਲਗਾਈ ਹੈ ਅਤੇ ਉਸ ਨੂੰ 1 ਲੱਖ ਰੁਪਏ ਦਾ ਮੁਚੱਲਕਾ ਵੀ ਭਰਨਾ ਹੋਵੇਗਾ। ਇਸ ਤੋਂ ਇਲਾਵਾ ਸੰਦੀਪ ਸਿੰਘ ਦੀ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰ ਕਰਨ ਲਈ ਸੁਪਰੀਮ ਕੋਰਟ ਅਤੇ ਉੱਤਰਾਖੰਡ ਨੈਨੀਤਾਲ ਹਾਈ ਕੋਰਟ ਦੇ ਫੈਸਲਿਆਂ ਦਾ ਵੀ ਹਵਾਲਾ ਦਿਤਾ ਗਿਆ ਹੈ।
ਸੰਦੀਪ ਸਿੰਘ ਦੇ ਵਕੀਲ ਰਬਿੰਦਰ ਪੰਡਿਤ ਨੇ ਸਾਲ 2021 ਲਈ ਸੌਭਾਗਿਆ ਭਗਤ ਬਨਾਮ ਉੱਤਰਾਖੰਡ ਸਰਕਾਰ ਦੀ ਜ਼ਮਾਨਤ ਪਟੀਸ਼ਨ ਮਾਮਲੇ ਵਿਚ ਉੱਤਰਾਖੰਡ ਹਾਈ ਕੋਰਟ ਦੇ 24 ਅਗਸਤ, 2023 ਦੇ ਫੈਸਲੇ ਨੂੰ ਆਧਾਰ ਬਣਾਇਆ। ਇਸ ਤੋਂ ਇਲਾਵਾ ਮਹਿਦੂਮ ਬਾਵਾ ਬਨਾਮ ਸੀਬੀਆਈ ਵਿਚ ਸੁਪਰੀਮ ਕੋਰਟ ਦੇ 2023 ਦੇ ਫੈਸਲੇ ਨੂੰ ਵੀ ਆਧਾਰ ਬਣਾਇਆ ਗਿਆ। ਸੁਪਰੀਮ ਕੋਰਟ ਨੇ ਪਾਇਆ ਸੀ ਕਿ ਕੁੱਝ ਅਦਾਲਤਾਂ ਮੁਲਜ਼ਮ ਨੂੰ ਸੰਮਨ ਦੇ ਹੁਕਮ ‘ਤੇ ਪੇਸ਼ ਹੋਣ ਮੌਕੇ ਰਿਮਾਂਡ ‘ਤੇ ਲੈਣ ਦੇ ਆਦੇਸ਼ ਦਿੰਦੀਆਂ ਹਨ। ਅਜਿਹੇ ਹਾਲਾਤ ‘ਚ ਮੁਲਜ਼ਮ ਨੂੰ ਗ੍ਰਿਫਤਾਰ ਕਰਨ ‘ਤੇ ਉਹ ਜ਼ਮਾਨਤ ਦਾ ਹੱਕਦਾਰ ਸੀ।
ਸੰਦੀਪ ਸਿੰਘ ਨੇ ਕੋਚ ’ਤੇ ਲਗਾਏ ਇਲਜ਼ਾਮ
ਸੰਦੀਪ ਸਿੰਘ ਨੇ ਅਪਣੀ ਅਗਾਊਂ ਜ਼ਮਾਨਤ ਪਟੀਸ਼ਨ ਵਿਚ ਕਿਹਾ ਸੀ ਕਿ ਉਸ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਗਿਆ ਹੈ। ਕਿਹਾ ਗਿਆ ਸੀ ਕਿ ਐਫ.ਆਈ.ਆਰ. ਵੀ 6 ਮਹੀਨੇ ਦੀ ਦੇਰੀ ਨਾਲ ਦਰਜ ਕੀਤੀ ਗਈ ਸੀ। ਜਿਸ ਪਿੱਛੇ ਕੋਈ ਤਰਕ ਨਹੀਂ ਹੈ। ਮੰਤਰੀ ਨੇ ਕਿਹਾ ਸੀ ਕਿ ਪੀੜਤਾ ਨੇ ਇਹ ਇਲਜ਼ਾਮ ਸਿਰਫ਼ ਇਸ ਲਈ ਲਾਏ ਹਨ ਕਿਉਂਕਿ ਪੰਚਕੂਲਾ ਵਿਚ ਤਾਇਨਾਤੀ ਦੀ ਉਸ ਦੀ ਮੰਗ ਪੂਰੀ ਨਹੀਂ ਹੋਈ ਸੀ। ਉਸ ਦੀ ਤੁਰਕੀ ਵਿਚ ਸਿਖਲਾਈ ਦੀ ਮੰਗ ਵਿਭਾਗ ਨੇ ਰੱਦ ਕਰ ਦਿਤੀ ਸੀ, ਜਿਸ ਕਾਰਨ ਉਹ ਨਾਰਾਜ਼ ਸੀ। ਅਜਿਹੇ ‘ਚ ਉਸ ਨੇ ਵਿਰੋਧੀ ਸਿਆਸੀ ਪਾਰਟੀਆਂ ਦਾ ਸਹਾਰਾ ਲੈਂਦਿਆਂ ਇਨੈਲੋ ਦਫਤਰ ਤੋਂ ਪ੍ਰੈੱਸ ਕਾਨਫਰੰਸ ਕੀਤੀ।
ਪੀੜਤ ਧਿਰ ਦਾ ਦਾਅਵਾ
ਹਾਲਾਂਕਿ ਪੀੜਤ ਧਿਰ ਦੇ ਵਕੀਲ ਦੀਪਾਂਸ਼ੂ ਬਾਂਸਲ ਨੇ ਦਲੀਲ ਦਿਤੀ ਕਿ ਮੁਲਜ਼ਮ ਵਿਧਾਇਕ ਹੈ ਅਤੇ ਪੀੜਤ ਦੀ ਜਾਨ ਅਤੇ ਨਿੱਜਤਾ ਨੂੰ ਖਤਰਾ ਹੈ। ਉਸ ਨਾਲ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਉਸ ਨੂੰ ਸ਼ੱਕ ਹੈ ਕਿ ਇਨ੍ਹਾਂ ਵਿਚ ਮੁਲਜ਼ਮ ਦਾ ਹੱਥ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ 26 ਅਪ੍ਰੈਲ 2023 ਨੂੰ ਪੰਚਕੂਲਾ ਵਿਚ ਐਫਆਈਆਰ ਵੀ ਦਰਜ ਕਰਵਾਈ ਸੀ।