ਮਹਿੰਗਾਈ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਵੱਲੋਂ ਕੇਂਦਰ ਪ੍ਰਦਰਸ਼ਨ ਕੀਤਾ ਗਿਆ
ਬਠਿੰਡਾ 3 ਅਪ੍ਰੈਲ (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ) ਦਿਨੋਂ ਦਿਨ ਵਧ ਰਹੀ ਮਹਿੰਗਾਈ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਵੱਲੋਂ ਕੇਂਦਰ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ ਦੀ ਅਗਵਾਈ ਹੇਠ ਵੱਡੀ ਗਿਣਤੀ ਕਾਂਗਰਸੀ ਵਰਕਰ ਫਾਇਰ ਬਿਗ੍ਰੇਡ ਚੌਕ ਵਿਚ ਇਕੱਠੇ ਹੋਏ ਅਤੇ ਉੱਥੇ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਰੁਣ ਵਧਾਵਨ ਨੇ ਕਿਹਾ ਕਿ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹਰ ਰੋਜ਼ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਕੇਂਦਰ ਸਰਕਾਰ ਵੱਲੋਂ ਵਾਧਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਹਰ ਵਸਤੂ ਦਾ ਰੇਟ ਅਸਮਾਨ ਨੂੰ ਛੂਹਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਸਲ ਵਿਚ ਕਾਰਪੋਰੇਟ ਘਰਾਣੇ ਚਲਾ ਰਹੇ ਹਨ ਜਿਨ੍ਹਾਂ ਨੂੰ ਫ਼ਾਇਦਾ ਦੇਣ ਲਈ ਲਗਾਤਾਰ ਤੇਲ ਕੀਮਤਾਂ ਅਤੇ ਰਸੋਈ ਗੈਸ ਦੇ ਭਾਅ ਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਭਾਰਤੀ ਜਨਤਾ ਪਾਰਟੀ ਦਾ ਨਾਮ ਭਾਰਤੀ ਲੋਟੂ ਪਾਰਟੀ ਰੱਖ ਦੇਣਾ ਚਾਹੀਦਾ ਹੈ ਕਿਉਂਕਿ ਇਹ ਲਗਾਤਾਰ ਲੋਕਾਂ ਦੀ ਲੁੱਟ ਕਰ ਰਹੀ ਹੈ। ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਰਾਜਨ ਗਰਗ ਨੇ ਆਖਿਆ ਕਿ ਮਹਿੰਗਾਈ ਇਸ ਕਦਰ ਵਧ ਗਈ ਹੈ ਕਿ ਖਾਣ ਪੀਣ ਵਾਲੀਆਂ ਵਸਤਾਂ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਜਦੋਂਕਿ ਇਸ ਤੋਂ ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਛੇ ਦਿਨ ਦੇ ਦਾਅਵੇ ਕਰਨ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਦੇ ਸ਼ਾਸਨ ਵਿਚ ਲੋਕਾਂ ਦੇ ਸਭ ਤੋਂ ਮਾੜੇ ਦਿਨ ਚੱਲ ਰਹੇ ਹਨ। ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਸੀਨੀਅਰ ਕਾਂਗਰਸੀ ਆਗੂ ਪਵਨ ਮਾਨੀ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਤੇਲ ਕੀਮਤਾਂ ਅਤੇ ਰਸੋਈ ਗੈਸ ਸਿਲੰਡਰਾਂ ਦੇ ਭਾਅ ਵਿੱਚ ਵਾਧਾ ਕਰਕੇ ਆਮ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿਹਾੜੀਦਾਰ ਗ਼ਰੀਬ ਮਜ਼ਦੂਰਾਂ ਦੇ ਘਰਾਂ ਵਿੱਚ ਪਹਿਲਾਂ ਹੀ ਚੁੱਲ੍ਹੇ ਇਕ ਡੰਗ ਤਪ ਰਹੇ ਹਨ ਪਰ ਹੁਣ ਰਸੋਈ ਗੈਸ ਸਿਲੰਡਰ ਮਹਿੰਗੇ ਕਰਨ ਬਾਅਦ ਉਨ੍ਹਾਂ ਦੇ ਹਾਲਾਤ ਬਹੁਤ ਮਾੜੇ ਹਨ। ਰੋਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਬਲਜਿੰਦਰ ਠੇਕੇਦਾਰ, ਜਗਜੀਤ ਗਿੱਲਪੱਤੀ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕਿਰਨਜੀਤ ਸਿੰਘ ਗਹਿਰੀ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਕੌਂਸਲਰ ਬੇਅੰਤ , ਮਲਕੀਤ, ਸੁਖਰਾਜ, ਇੰਦਰ, ਗੁਰਦੀਪ ਕੌਰ, ਰਤਨ ਰਾਹੀ, ਵਿੱਪਨ, ਸਾਧੂ ਸਿੰਘ, ਰਾਜ ਕੁਮਾਰ, ਹਰਵਿੰਦਰ ਲੱਡੂ, ਬਲਰਾਜ ਸਿੰਘ ਪੱਕਾ, ਸੰਦੀਪ ਗੋਇਲ, ਟਹਿਲ ਸਿੰਘ, ਕ੍ਰਿਸ਼ਨ ਜੈਨ, ਬਲਵੰਤ ਰਾਏ ਨਾਥ, ਅਨਿਲ ਭੋਲਾ, ਜਨਰਲ ਸਕੱਤਰ ਰੁਪਿੰਦਰ ਬਿੰਦਰਾ ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਮੋਹਨ ਲਾਲ ਝੂੰਬਾ, ਰਣਜੀਤ, ਸੁਰਿੰਦਰ ਜੀਤ ਸਾਹਨੀ, ਦੁਲੀ ਚੰਦ, ਮੱਖਣ ਠੇਕੇਦਾਰ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
ਮਹਿੰਗਾਈ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਵੱਲੋਂ ਕੇਂਦਰ ਪ੍ਰਦਰਸ਼ਨ ਕੀਤਾ ਗਿਆ
previous post