“ਮਾਣ ਪੰਜਾਬੀਆਂ ਦੇ” ਲੜੀਵਾਰ ਕਾਲਮ 34, ਪੰਜਾਬ ਦੀ ਲਾਡਲੀ ਧੀ ਓਲੰਪੀਅਨ ਅਵਨੀਤ ਕੌਰ ਐਸ.ਐਸ.ਪੀ. ਫਰੀਦਕੋਟ
ਕੁਝ ਇਨਸਾਨ ਅਜਿਹੇ ਹੋਇਆ ਕਰਦੇ ਹਨ ਜੋ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰਦੇ ਹਨ, ਅੱਜ ਮੈ ਪੰਜਾਬ ਦੀ ਉਸ ਲਾਡਲੀ ਧੀ ਬਾਰੇ ਚਾਰ ਸਬਦ ਲਿਖ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਜਿੰਨਾ ਨੇ ਮਾਲਵੇ ਖੇਤਰ ਦਾ ਨਾਮ ਆਪਣੀ ਸੱਚੀ ਲਗਨ ਅਤੇ ਮਿਹਨਤ ਦੇ ਨਾਲ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੀ, ਉਹ ਲੜਕੀ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਜਿਲਾ ਫਰੀਦਕੋਟ ਵਿਖੇ ਐਸ ਐਸ ਪੀ ਵਜੋ ਤਾਇਨਾਤ ਓਲੰਪੀਅਨ ਅਵਨੀਤ ਕੌਰ ਹੈ । ਜਿਸ ਨੂੰ ਪਹਿਲੀ ਮਹਿਲਾ ਓਲੰਪੀਅਨ ਐਸ ਐਸ ਪੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਅਵਨੀਤ ਕੌਰ ਦਾ ਜਨਮ ਬਠਿੰਡਾ ਜਿਲੇ ਦੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਪਿਤਾ ਸ ਅੰਮ੍ਰਿਤਪਾਲ ਸਿੰਘ ਸਿੱਧੂ ਦੇ ਘਰ ਮਾਤਾ ਇੰਦਰਜੀਤ ਕੌਰ ਦੀ ਕੁੱਖੋਂ ਹੋਇਆ , ਬਚਪਨ ਵਿੱਚ ਕਿਸੇ ਨੂੰ ਇਹ ਇਲਮ ਵੀ ਨਹੀਂ ਸੀ ਕਿ ਇਹ ਲੜਕੀ ਮਾਲਵੇ ਦੇ ਟਿੱਬਿਆਂ ਤੋਂ ਮੈਲਬਰਨ ਦੀਆਂ ਸ਼ੂਟਿੰਗ ਰੇਂਜਾਂ ਅਤੇ ਬਠਿੰਡਾ ਤੋਂ ਬੀਜਿੰਗ ਤੱਕ ਆਪਣੇ ਪੱਕੇ ਨਿਸ਼ਾਨਿਆਂ ਦੀ ਧਾਂਕ ਜਮਾਏਗੀ। ਉਹ ਹਰ ਗੱਲ ਵਿੱਚ ਅੱਵਲ ਰਹੀ। ਬਾਰ੍ਹਵੀਂ ਤੱਕ ਮੈਡੀਕਲ ਦੀ ਪੜ੍ਹਾਈ ਬਠਿੰਡਾ ਦੇ ਸੇਂਟ ਜੋਸਫ ਕਾਨਵੈਂਟ ਸਕੂਲ ਤੋਂ ਪੂਰੀ ਕੀਤੀ। ਅਵਨੀਤ ਦੇ ਮਾਤਾ ਇੰਦਰਜੀਤ ਕੌਰ ਦਸ਼ਮੇਲ ਗਰਲਜ਼ ਕਾਲਜ ਬਾਦਲ ਵਿਖੇ ਲਾਇਬ੍ਰੇਰੀਅਨ ਸਨ। ਸਾਲ 2000 ਵਿੱਚ ਅਵਨੀਤ ਨੇ ਦਸ਼ਮੇਸ਼ ਕਾਲਜ ਵਿਖੇ ਬੀ.ਸੀ.ਏ ਵਿੱਚ ਦਾਖਲਾ ਲਿਆ ਜਿਥੋ ਉਹਨਾਂ ਦਾ ਨਿਸ਼ਾਨੇਬਾਜ਼ੀ ਦਾ ਸਫਰ ਸੁਰੂ ਹੋਇਆਂ।
ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਉਹ ਪਹਿਲੀ ਪੰਜਾਬਣ ਨਿਸ਼ਾਨੇਬਾਜ਼ ਬਣੀ। ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਿੱਚ ਵੀ ਅੱਵਲ, ਅਰਜੁਨਾ ਐਵਾਰਡ ਜਿੱਤਣ ਵਾਲੀ ਵੀ ਪਲੇਠੀ ਪੰਜਾਬਣ ਨਿਸ਼ਾਨੇਬਾਜ਼ ਬਣੀ । ਨਿਸ਼ਾਨੇਬਾਜ਼ੀ ਕਰਦਿਆਂ ਵੀ ਉਸ ਨੇ 400 ਵਿੱਚੋਂ 400 ਸਕੋਰ ਬਣਾਉਦਿਆਂ ਵਿਸ਼ਵ ਦੇ ਅੱਵਲ ਸਕੋਰ ਦੀ ਬਰਾਬਰੀ ਕੀਤੀ। ਸਾਲ 2006 ਵਿੱਚ ਮੈਲਬਰਨ ਵਿਖੇ ਰਾਸ਼ਟਰਮੰਡਲ ਖੇਡਾਂ ਹੋਣੀਆਂ ਸਨ ਅਤੇ ਹੈਦਰਾਬਾਦ ਵਿਖੇ ਭਾਰਤੀ ਟੀਮ ਦੇ ਟਰਾਇਲ ਚੱਲ ਰਹੇ ਸਨ। ਅਵਨੀਤ ਨੇ ਟਰਾਇਲਾਂ ਵਿੱਚ 400 ਵਿੱਚੋਂ 400 ਸਕੋਰ ਲੈ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ।ਸਾਲ 2006 ਅਵਨੀਤ ਲਈ ਸੁਨਹਿਰੀ ਸਾਲ ਬਣ ਕੇ ਚੜ੍ਹਿਆ। ਮੈਲਬਰਨ ਰਾਸ਼ਟਰਮੰਡਲ ਖੇਡਾਂ ਵਿੱਚ ਅਵਨੀਤ ਕੌਰ ਨੇ ਟੀਮ ਈਵੈਂਟ ਵਿੱਚ ਸੋਨੇ ਤੇ ਵਿਅਕਤੀਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਜ਼ਗਰੇਬ ਵਿਖੇ ਹੋਈ 49ਵੀਂ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਅਵਨੀਤ ਕੌਰ ਨੇ 400 ਵਿੱਚੋਂ 397 ਸਕੋਰ ਦੇ ਨਾਲ ਛੇਵਾਂ ਸਥਾਨ ਹਾਸਲ ਕਰਕੇ ਓਲੰਪਿਕ ਕੋਟਾ ਹਾਸਲ ਕਰ ਲਿਆ। ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਉਹ ਪੰਜਾਬ ਦੇ ਖੇਡ ਇਤਿਹਾਸ ਦੀ ਪਹਿਲੀ ਮਹਿਲਾ ਨਿਸਾਨੇਬਾਜ਼ ਸੀ। ਸਾਲ ਦੇ ਅਖੀਰ ਵਿੱਚ ਦੋਹਾ ਵਿਖੇ ਏਸ਼ਿਆਈ ਖੇਡਾਂ ਵਿੱਚ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ ਅਵਨੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ।
ਅਗਲੇ ਹੀ ਸਾਲ 2007 ਵਿੱਚ ਅਵਨੀਤ ਨੇ ਗੁਹਾਟੀ ਵਿਖੇ ਕੌਮੀ ਖੇਡਾਂ ਵਿੱਚ ਪੰਜਾਬ ਲਈ ਦੋ ਚਾਂਦੀ ਦੇ ਤਮਗੇ ਜਿੱਤੇ। ਅਹਿਮਦਾਬਾਦ ਵਿਖੇ 51ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਅਵਨੀਤ ਨੇ ਅੰਜਲੀ ਨੂੰ ਹਰਾ ਕੇ ਨੈਸ਼ਨਲ ਚੈਂਪੀਅਨ ਬਣੀ। ਕੁਵੈਤ ਵਿਖੇ 11ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦਿਆਂ ਅਵਨੀਤ ਨੇ ਕਾਂਸੀ ਦਾ ਤਮਗਾ ਜਿੱਤਿਆ। ਸਾਲ 2007 ਲਈ ਪੰਜਾਬ ਸਰਕਾਰ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਚੁਣਿਆ।
ਸਾਲ 2008 ਵਿੱਚ ਉਸ ਨੇ ਸਿਡਨੀ ਵਿਖੇ ਹੋਏ ਏ.ਆਈ.ਐਸ.ਐਲ. ਆਸਟਰੇਲੀਆ ਕੱਪ ਵਿੱਚ ਸੋਨ ਤਮਗਾ ਫੁੰਡਿਆ। ਅਗਸਤ ਮਹੀਨੇ ਬੀਜਿੰਗ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਉਹ ਪੁੱਜੀ ਹੀ ਸੀ ਕਿ ਉਸੇ ਦਿਨ ਭਾਰਤ ਵਿੱਚ ਕੌਮੀ ਖੇਡ ਐਵਾਰਡਾਂ ਦਾ ਐਲਾਨ ਹੋਇਆ। ਮੇਰੇ ਉਹ ਪਲ ਭਲੀਭਾਂਤ ਚੇਤੇ ਹਨ ਜਦੋਂ ਮੈਂ ਵੀ ਓਲੰਪਿਕਸ ਕਵਰ ਕਰਨ ਲਈ ਬੀਜਿੰਗ ਪੁੱਜਿਆ ਹੋਇਆ ਸੀ। ਅਥਲੈਟਿਕਸ ਵਿਲੇਜ਼ ਵਿਖੇ ਭਾਰਤੀ ਖੇਡ ਦਲ ਦੇ ਸਵਾਗਤੀ ਸਮਾਰੋਹ ਦੌਰਾਨ ਜਦੋਂ ਮੈਂ ਅਵਨੀਤ ਨੂੰ ਵਧਾਈ ਦਿੱਤੀ ਤਾਂ ਉਸ ਨੇ ਵਧਾਈ ਕਬੂਲਦਿਆਂ ਮੈਨੂੰ ਵੀ ਪਹਿਲੀ ਵਾਰ ਕਵਰੇਜ਼ ਲਈ ਓਲੰਪਿਕ ਖੇਡਾਂ ਵਿੱਚ ਆਉਣ ਦੀ ਵਧਾਈ ਦਿੱਤੀ। ਮੈਂ ਉਸ ਨੂੰ ਕਿਹਾ ਕਿ ਇਹ ਵਧਾਈ ਤਾਂ ਅਰਜੁਨਾ ਐਵਾਰਡੀ ਬਣਨ ਦੀ ਹੈ ਤਾਂ ਉਸ ਨੇ ਬੜੇ ਅਦਬ ਨਾਲ ਕਿਹਾ ਕਿ ਇਹ ਦੋਹਰੀ ਖੁਸ਼ੀ ਦਾ ਮੌਕਾ ਹੈ ਪਰ ਫਿਰ ਵੀ ਅਰਜੁਨਾ ਐਵਾਰਡ ਨਾਲੋਂ ਓਲੰਪੀਅਨ ਬਣਨ ਦੀ ਵੱਡੀ ਖੁਸ਼ੀ ਹੈ। ਅਵਨੀਤ ਨੇ ਬੀਜਿੰਗ ਵਿਖੇ 10 ਮੀਟਰ ਏਅਰ ਰਾਈਫਲ ਅਤੇ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਦੋ ਈਵੈਂਟਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।
ਅਵਨੀਤ ਕੌਰ ਨੇ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਵਿੱਚ ਏਅਰ ਇੰਡੀਆ ਵੱਲੋਂ 2003 ਤੋਂ 2008 ਤੱਕ 750 ਰੁਪਏ ਪ੍ਰਤੀ ਮਹੀਨਾ ਸ਼ਕਾਲਰਸ਼ਿਪ ਮਿਲਦੀ ਸੀ। ਅਵਨੀਤ ਦੀਆਂ ਸੁਨਹਿਰੀ ਪ੍ਰਾਪਤੀਆਂ ਨੂੰ ਦੇਖਦਿਆਂ 2008 ਵਿੱਚ ਏਅਰ ਇੰਡੀਆ ਨੇ ਉਸ ਨੂੰ ਸਹਾਇਕ ਮੈਨੇਜਰ ਦੀ ਨੌਕਰੀ ਦੇ ਦਿੱਤੀ। ਅਵਨੀਤ ਨੇ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਜਾਰੀ ਰੱਖੀ। ਉਸ ਨੇ ਕੁੱਲ 12 ਵਿਸ਼ਵ ਕੱਪ ਮੁਕਾਬਲਿਆਂ ਵਿੱਚ ਹਿੱਸਾ ਲਿਆ। ਰੀਓ ਵਿਸ਼ਵ ਕੱਪ ਦੇ ਉਹ ਫਾਈਨਲ ਤੱਕ ਪੁੱਜੀ। ਸਾਲ 2011 ਵਿੱਚ ਅਵਨੀਤ ਨੂੰ ਪੰਜਾਬ ਪੁਲਿਸ ਵਿੱਚ ਸਿੱਧਾ ਡੀ.ਐਸ.ਪੀ. ਭਰਤੀ ਕਰ ਲਿਆ। ਇਸੇ ਸਾਲ ਉਸ ਦਾ ਵਿਆਹ ਭਾਰਤੀ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ ਨਾਲ ਹੋ ਗਿਆ। ਰਾਜਪਾਲ ਸਿੰਘ ਵੀ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਭਰਤੀ ਹੋ ਗਿਆ ਸੀ। 2013 ਵਿੱਚ ਇਸ ਖਿਡਾਰੀ ਜੋੜੇ ਦੇ ਘਰ ਬੇਟੀ ਨੇ ਜਨਮ ਲਿਆ ਜਿਸ ਦਾ ਨਾਂ ਫਤਹਿਰੀਤ ਕੌਰ ਰੱਖਿਆ ਗਿਆ।ਅਵਨੀਤ ਨੇ ਲਗਾਤਾਰ ਚਾਰ ਵਾਰ ਹੋਈਆਂ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਚੈਂਪੀਅਨ ਬਣਦਿਆਂ ਕੁੱਲ 14 ਤਮਗੇ ਜਿੱਤੇ ਜਿਸ ਵਿੱਚ ਅੱਠ ਸੋਨੇ, ਪੰਜ ਚਾਂਦੀ ਤੇ ਇਕ ਕਾਂਸੀ ਦਾ ਤਮਗਾ ਸ਼ਾਮਲ ਸੀ। 2017 ਵਿੱਚ ਲਾਂਸ ਏਜਲਸ ਵਿਖੇ ਵਿਸ਼ਵ ਪੁਲਿਸ ਖੇਡਾਂ ਹੋਈਆਂ ਤਾਂ ਅਵਨੀਤ ਭਾਰਤੀ ਪੁਲਿਸ ਟੀਮ ਵੱਲੋਂ ਹਿੱਸਾ ਲੈਣ ਗਈ। ਉਥੇ ਉਸ ਨੇ ਮੈਡਲਾਂ ਦਾ ਚੌਕਾ ਲਗਾਇਆ। ਅਵਨੀਤ ਨੇ ਇਕ ਸੋਨੇ, ਦੋ ਚਾਂਦੀ ਤੇ ਇਕ ਕਾਂਸੀ ਦਾ ਤਮਗਾ ਜਿੱਤਿਆ। ਅਵਨੀਤ ਨੇ ਆਪਣਾ ਡੇਢ ਦਹਾਕਾ ਖੇਡ ਕਰੀਅਰ ਦੌਰਾਨ 100 ਤੋਂ ਵੱਧ ਕੌਮੀ ਤੇ ਕੌਮਾਂਤਰੀ ਤਮਗੇ ਜਿੱਤੇ ਹਨ।
ਇਕ ਦਰਜਨ ਤਾਂ ਉਹ ਵਿਸ਼ਵ ਕੱਪ ਖੇਡ ਚੁੱਕੀ ਹੈ। ਨਿਸ਼ਾਨੇਬਾਜ਼ੀ ਵਿੱਚ ਨਾਮ ਰੌਸ਼ਨ ਕੀਤਾ ਤਾਂ ਉਸ ਨੂੰ ਪੰਜਾਬ ਸਰਕਾਰ ਨੇ ਸਿੱਧਾ ਡੀ.ਐਸ.ਪੀ. ਭਰਤੀ ਕਰ ਲਿਆ। ਪੁਲਿਸ ਦੀ ਸਖਤ ਟਰੇਨਿੰਗ ਵਿੱਚ ਵੀ ਉਹ ਅੱਵਲ ਆਈ। ਪੁਲਿਸ ਖੇਡਾਂ ਵਿੱਚ ਹਿੱਸਾ ਲਿਆ ਤਾਂ ਚਾਰ ਸਾਲ ਤੋਂ ਅੱਵਲ ਆਉਂਦੀ ਰਹੀ। ਪੂਰੀ ਦੁਨੀਆਂ ਦੀਆਂ ਪੁਲੀਸ ਬਲਾਂ ਦੀਆਂ ਖੇਡਾਂ ਹੋਈਆਂ ਤਾਂ ਉਥੇ ਵੀ ਉਹ ਅੱਵਲ ਆਈ।
ਉਹ ਪੰਜਾਬ ਵਿੱਚ ਛੋਟੀ ਉਮਰ ਦੀਆਂ ਲੜਕੀਆਂ ਲਈ ਰਾਹ ਦਸੇਰਾ ਬਣੀ ਅਤੇ ਉਸ ਨੂੰ ਦੇਖੋ-ਦੇਖ ਪੰਜਾਬ ਵਿੱਚ ਕਈ ਕੁੜੀਆਂ ਨਿਸ਼ਾਨੇਬਾਜ਼ੀ ਦੀ ਖੇਡ ਵੱਲ ਪ੍ਰੇਰਿਤ ਹੋਈਆਂ। ਅਵਨੀਤ ਤੋਂ ਉਤਸ਼ਾਹਿਤ ਹੋ ਕੇ ਇਸ ਖੇਡ ਵਿੱਚ ਕ੍ਰਾਂਤੀ ਹੀ ਆ ਗਈ। ਉਸ ਦੇ ਨਾਲ ਹੀ ਹਰਵੀਨ ਸਰਾਓ ਉੱਠੀ ਅਤੇ ਫੇਰ ਹਿਨਾ ਸਿੱਧੂ ਤੇ ਮਲਾਇਕਾ ਗੋਇਲ ਨੇ ਕਮਾਨ ਸੰਭਾਲਦਿਆਂ ਕੌਮਾਂਤਰੀ ਪਿੜ ਵਿੱਚ ਦੇਸ਼ ਦਾ ਨਾਂ ਚਮਕਾਇਆ।
ਪਰਮਾਤਮਾ ਇਸ ਪੰਜਾਬ ਦੀ ਧੀ ਅਵਨੀਤ ਕੌਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ। ਇਸ ਖਿਡਾਰੀ ਪਰਿਵਾਰ ਨੂੰ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ। ਇਹ ਪਰਿਵਾਰ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ
ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ 75082-54006