ਮਾਰਕੀਟ ਕਮੇਟੀ, ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਗੁ. ਟਿੱਲਾ ਬਾਬਾ ਫ਼ਰੀਦ ਵਿਖੇ ਹੋਏ ਨਤਮਸਤਕ
ਫਰੀਦਕੋਟ, 10 ਅਗਸਤ (ਪੰਜਾਬ ਡਾਇਰੀ)- ਬਾਬਾ ਫ਼ਰੀਦ ਜੀ ਦੀ ਪਾਵਨ-ਛੋਹ ਪ੍ਰਾਪਤ ਨਗਰੀ ਫ਼ਰੀਦਕੋਟ ਵਿਖੇ ਉਨ੍ਹਾਂ ਦੀ ਯਾਦ ਨਾਲ ਜੁੜੇ ਮੁਕੱਦਸ ਸਥਾਨ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਮਾਰਕੀਟ ਕਮੇਟੀ ਦੇ ਨਵ- ਨਿਯੁਕਤ ਚੇਅਰਮੈਨ ਸ. ਅਮਨਦੀਪ ਸਿੰਘ ਬਾਬਾ ਜੀ ਆਪਣਾ ਚਾਰਜ ਸੰਭਾਲਣ ਤੋਂ ਪਹਿਲਾਂ ਇੱਥੇ ਪਹੁੰਚੇ ਅਤੇ ਨਤਮਸਤਕ ਹੋਏ । ਉਨ੍ਹਾਂ ਨਾਲ ਫ਼ਰੀਦਕੋਟ ਤੋਂ ਮਾਣਯੋਗ ਐੱਮ.ਐੱਲ.ਏ. ਸ. ਗੁਰਦਿੱਤ ਸਿੰਘ ਸੇਖੋਂ ਨੇ ਵੀ ਬਾਬਾ ਫ਼ਰੀਦ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ । ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੀ ਪ੍ਰਧਾਨ ਡਾ ਗੁਰਇੰਦਰ ਮੋਹਨ ਸਿੰਘ ਨੇ ਹਾਜ਼ਰ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੂੰ ਜੀ ਆਇਆਂ ਆਖਿਆ । ਇਸ ਮੌਕੇ ਡਾ ਗੁਰਇੰਦਰ ਮੋਹਨ ਸਿੰਘ ਨੇ ਸ. ਅਮਨਦੀਪ ਸਿੰਘ ਬਾਬਾ ਅਤੇ ਸ. ਗੁਰਦਿੱਤ ਸਿੰਘ ਸੇਖੋਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ । ਇਸ ਮੌਕੇ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਦੁਆਰਾ ਲਿਖੀ ਗਈ ਬਹੁਮੁੱਲੀ ਅਤੇ ਇਤਿਹਾਸਿਕ ਕਿਤਾਬ “ਬਾਬਾ ਫ਼ਰੀਦ (ਸ਼ਕਰਗੰਜ) ਅਤੇ ਫ਼ਰੀਦਕੋਟ” ਵੀ ਭੇਂਟ ਕੀਤੀ ਗਈ । ਸ.ਅਮਨਦੀਪ ਸਿੰਘ ਬਾਬਾ ਨੇ ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਬਾਬਾ ਫ਼ਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਇੱਥੇ ਪਹੁੰਚੇ ਹਨ ਕਿਉਂਕਿ ਬਾਬਾ ਸ਼ੇਖ ਫਰੀਦ ਜੀ ਦੀ ਰਹਿਮਤ ਸਦਕਾ ਹੀ ਉਹ ਅੱਜ ਇਸ ਮੁਕਾਮ ‘ਤੇ ਪਹੁੰਚੇ ਹਨ । ਉਹਨਾਂ ਆਪਣੇ ਸੰਬੋਧਨ ਦੌਰਾਨ ਅੱਗੇ ਬੋਲਦਿਆਂ ਕਿਹਾ ਕਿ ਉਹ ਆਪਣੇ ਤਨ, ਮਨ ਅਤੇ ਧਨ ਨਾਲ ਇਸ ਇਲਾਕੇ ਦੀ ਸੇਵਾ ਕਰਦੇ ਰਹਿਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦੇ ਯਤਨ ਕਰਨਗੇ । ਸ. ਗੁਰਦਿੱਤ ਸਿੰਘ ਸੇਖੋਂ ਨੇ ਵੀ ਉਹਨਾਂ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਲਈ ਮੁਬਾਰਕਬਾਦ ਦਿੱਤੀ ਅਤੇ ਉਮੀਦ ਕੀਤੀ ਕਿ ਉਹ ਹਮੇਸ਼ਾ ਦੀ ਤਰਾਂ ਹੀ ਇਮਾਨਦਾਰੀ, ਨਿਰਪੱਖਤਾ ਅਤੇ ਤਨਦੇਹੀ ਨਾਲ ਇਹ ਸੇਵਾਵਾਂ ਨਿਭਾਉਂਦੇ ਰਹਿਣਗੇ । ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਨੇ ਵੀ ਅਮਨਦੀਪ ਸਿੰਘ ਬਾਬਾ ਨੂੰ ਮਾਰਕੀਟ ਕਮੇਟੀ, ਫ਼ਰੀਦਕੋਟ ਦੇ ਚੇਅਰਮੈਨ ਦੇ ਅਹੁਦੇ ਲਈ ਨਿਯੁਕਤ ਹੋਣ ‘ਤੇ ਮੁਬਾਰਕਬਾਦ ਦਿੱਤੀ ਅਤੇ ਆਪਣਾ ਅਸ਼ੀਰਵਾਦ ਵੀ ਦਿੱਤਾ।