— ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ —
ਸ੍ਰੀ ਮੁਕਤਸਰ ਸਾਹਿਬ, 31 ਮਈ – ( ਪੰਜਾਬ ਡਾਇਰ ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਵੱਲੋਂ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਥਾਨਕ ਸਿਟੀ ਹੋਟਲ ਵਿਖੇ ਸ਼ੋਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਮਿਸ਼ਨ ਦੇ ਸਲਾਹਕਾਰ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਮੀਤ ਪ੍ਰਧਾਨ ਚੌ. ਬਲਬੀਰ ਸਿੰਘ, ਸੀਨੀਅਰ ਮੈਂਬਰ ਜਗਦੀਸ਼ ਧਵਾਲ, ਛਿੰਦਰ ਕੌਰ ਧਾਲੀਵਾਲ, ਮਨੋਹਰ ਲਾਲ, ਅਨਿਲ ਅਨੇਜਾ, ਰਾਮ ਸਿੰਘ ਪੱਪੀ ਸਾਬਕਾ ਕੌਂਸਲਰ, ਨਰਿੰਦਰ ਕਾਕਾ ਫੋਟੋਗ੍ਰਾਫਰ, ਓ ਪੀ ਖਿੱਚੀ ਅਤੇ ਸਾਹਿਲ ਕੁਮਾਰ ਹੈਪੀ ਆਦਿ ਮੌਜੂਦ ਸਨ। ਮੀਟਿੰਗ ਦੌਰਾਨ ਸਮੂਹ ਬੁਲਾਰਿਆਂ ਵੱਲੋਂ ਆਪਣੀ ਸੁਰੱਖਿਆ ਵਾਪਸ ਲਏ ਜਾਣ ਦੇ ਚੌਵੀ ਘੰਟਿਆਂ ਦੇ ਅੰਦਰ-ਅੰਦਰ ਹੀ ਪੰਜਾਬ ਦੇ ਪ੍ਰਸਿਧ ਗਾਇਕ ਸਿੱਧੂ ਮੂਸੇਵਾਲਾ ਦੇ ਅਚਾਨਕ ਅਤੇ ਦਰਦਨਾਕ ਕਤਲ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਮੀਟਿੰਗ ਦੌਰਾਨ ਸਵਰਗਵਾਸੀ ਸਿੱਧੂ ਦੇ ਚਿੱਤਰ ਨੂੰ ਫੁੱਲਾਂ ਦਾ ਹਾਰ ਪਾਇਆ ਗਿਆ ਅਤੇ ਸਮੂਹ ਮੈਂਬਰਾਂ ਵੱਲੋਂ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਸਮੂਹ ਬੁਲਾਰਿਆਂ ਨੇ ਸਿੱਧੂ ਦੀ ਮੌਤ ਨੂੰ ਸਮੁੱਚੇ ਸਮਾਜ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੰਦੇ ਹੋਏ ਕਿਹਾ ਕਿ ਅਜਿਹੇ ਵਿਅਕਤੀ ਸਮਾਜ ਵਿਚ ਕਦੇ ਕਦੇ ਹੀ ਪੈਦਾ ਹੁੰਦੇ ਹਨ ਅਤੇ ਇਹਨਾਂ ਦਾ ਇਸ ਤਰਾਂ ਅੰਤ ਹੋਣਾ ਬੇਹੱਦ ਦੁਖਦਾਈ ਘਟਨਾ ਹੈ। ਮੀਟਿੰਗ ਦੌਰਾਨ ਮਿਸ਼ਨ ਮੈਂਬਰਾਂ ਵੱਲੋਂ ਪੰਜਾਬ ਵਿਚ ਦਿਨੋਂ ਦਿਨ ਵੱਧ ਰਹੇ ਹਿੰਸਕ ਘਟਨਾਵਾਂ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਕਿ ਗੈਰ ਸਮਾਜਿਕ ਤੱਤਾਂ ਦੇ ਹੌਂਸਲੇ ਪਰਸਤ ਹੋਣ ਅਤੇ ਆਮ ਆਦਮੀ ਸੁੱਖ ਚੈਨ ਦਾ ਜੀਵਨ ਬਤੀਤ ਕਰ ਸਕੇ। ਉਨਾਂ ਇਹ ਵੀ ਕਿਹਾ ਕਿ ਲੁੱਟ ਖੋਹ ਅਤੇ ਗੈਂਗਸਟਰਾਂ ਵੱਲੋਂ ਅੰਜਾਮ ਦਿਤੀਆਂ ਜਾ ਰਹੀਆਂ ਦਰਦਨਾਕ ਘਟਨਾਵਾਂ ਕਾਰਣ ਆਮ ਵਿਅਕਤੀ ਦੇ ਮਨ ਵਿੱਚ ਭਾਰੀ ਡਰ ਅਤੇ ਭੈਅ ਛਾਇਆ ਹੋਇਆ ਹੈ। ਲੋਕਾਂ ਦਾ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਟੁੱਟਦਾ ਜਾ ਰਿਹਾ ਹੈ, ਜਿਸਨੂੰ ਬਹਾਲ ਕਰਨਾ ਸਰਕਾਰ ਦੀ ਮੁਢਲੀ ਜਿੰਮੇਵਾਰੀ ਬਣਦੀ ਹੈ।
ਫੋਟੋ ਕੈਪਸ਼ਨ : ਮਿਸ਼ਨ ਮੈਂਬਰ ਸਵ. ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ।