ਮੁਹਾਲੀ ਦੇ ਸਪੈਸ਼ਲ ਸੈੱਲ ‘ਚ ਅਦਾਲਤ ਦੇ ਵਰੰਟ ਅਫਸਰ ਨਾਲ ਹੋਈ ਕੁੱਟਮਾਰ, HC ਨੇ ਮਾਮਲੇ ਦੀ ਰਿਪੋਰਟ ਕੀਤੀ ਤਲਬ
ਮੋਹਾਲੀ, 27 ਮਾਰਚ (ਡੇਲੀ ਪੋਸਟ ਪੰਜਾਬੀ)- ਮੋਹਾਲੀ ਦੇ ਸਪੈਸ਼ਲ ਸੈੱਲ ਵਿਚ ਵਰੰਟ ਅਫਸਰ ਨਾਲ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 8 ਮਾਰਚ 2024 ਨੂੰ ਅਦਾਲਤ ਨੂੰ ਈ-ਮੇਲ ਰਾਹੀਂ ਪਟੀਸ਼ਨਕਰਤਾ ਧਰਮਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਮੁਹਾਲੀ ਦੇ ਸਪੈਸ਼ਲ ਸੈੱਲ ‘ਚ ਉਸ ਦੇ ਰਿਸ਼ਤੇਦਾਰਾਂ ਨੂੰ ਰੱਖਿਆ ਹੋਇਆ ਹੈ। 20 ਮਾਰਚ ਨੂੰ ਅਦਾਲਤ ਨੇ ਇਸ ਮਾਮਲੇ ਵਿਚ ਮਨੋਜ ਕਸ਼ਯਪ ਨੂੰ ਵਾਰੰਟ ਅਫਸਰ ਨਿਯੁਕਤ ਕੀਤਾ। ਪਟੀਸ਼ਨਕਰਤਾ ਦੇ ਇਲਜ਼ਾਮਾਂ ਦੀ ਜਾਂਚ ਲਈ ਮਨੋਜ ਕਸ਼ੱਯਪ 21 ਮਾਰਚ ਨੂੰ ਹਾਈਕੋਰਟ ਤੋਂ ਟੈਕਸੀ ਕਰਕੇ 10.40 ਮਟੌਰ ਥਾਣੇ ਦੇ ਸਪੈਸ਼ਲ ਸੈੱਲ ਪਹੁੰਚਿਆ।
ਸਪੈਸ਼ਲ ਸੈਲ ਦੇ ਸੰਤਰੀ ਨਰਿੰਦਰ ਕੁਮਾਰ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ। ਫਿਰ ਇਕ ਗੱਡੀ ਦੇ ਅੰਦਰ ਜਾਣ ‘ਤੇ ਮਨੋਜ ਕਸ਼ਯੱਪ ਵੀ ਅੰਦਰ ਚਲਾ ਗਿਆ। ਜਾਣਕਾਰੀ ਮੁਤਾਬਕ ਤਿੰਨ-ਚਾਰ ਕਮਾਂਡੋ ਵਰਦੀ ਧਾਰੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ । ਇਸ ਤੋਂ ਬਾਅਦ ਸ਼ਿਵ ਕੁਮਾਰ ਨਾਂ ਦਾ ਵਿਅਕਤੀ ਉਸ ਨਾਲ ਕੁੱਟਮਾਰ ਕਰਦਾ ਹੈ ਤੇ ਇਸ ਤੋਂ ਬਾਅਦ ਮਨੋਜ ਕਸ਼ਯੱਪ ਇਕ ਹੋਰ ਇੰਸਪੈਕਟਰ ਗੱਬਰ ਸਿੰਘ ਨੂੰ ਮਿਲਦਾ ਹੈ ਤੇ ਥਾਣੇ ਅੰਦਰ ਧਰਮਿੰਦਰ ਸਿੰਘ ਦੇ ਰਿਸ਼ਤੇਦਾਰਾਂ ਬਾਰੇ ਪੁੱਛਦਾ ਹੈ ਪਰ ਗੱਬਰ ਸਿੰਘ ਇਸ ਤੋਂ ਇਨਕਾਰ ਕਰਦਾ ਹੈ।
ਮਨੋਜ ਕਸ਼ਯਪ ਇੱਕ ਪਟੀਸ਼ਨਕਰਤਾ ਦੇ ਇਲਜ਼ਾਮਾਂ ਦੀ ਜਾਂਚ ਕਰਨ ਥਾਣੇ ਗਏ ਸਨ । ਹਾਈਕੋਰਟ ਨੇ ਡੀਜੀਪੀ ਤੋਂ ਕੁੱਟਮਾਰ ਦੇ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ। ਅਦਾਲਤ ਨੇ ਕੁੱਟਮਾਰ ਕਰਨ ਵਾਲਿਆਂ ਦੇ ਨਾਂ ਵੀ ਮੰਗੇ ਹਨ। ਉਸ ਵੇਲੇ ਥਾਣੇ ਵਿਚ ਮੌਜੂਦ ਅਫਸਰਾਂ ਦੀ ਲਿਸਟ ਵੀ ਮੰਗੀ ਗਈ ਹੈ।