ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵੱਲੋਂ ਖੇਤਾਂ ਵਿੱਚ ਜਾ ਕੇ ਅੱਗ ਬੁਝਾਈ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ
ਫਰੀਦਕੋਟ 6 ਨਵੰਬਰ (ਪੰਜਾਬ ਡਾਇਰੀ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿੱਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਭਾਗ ਦੇ ਅਧਿਕਾਰੀ ਲਗਾਤਾਰ ਪਰਾਲੀ ਦਾ ਪ੍ਰਬੰਧ ਕਰਾਉਣ ਵਿੱਚ ਲੱਗੇ ਹੋਏ ਹਨ। ਇਸੇ ਲੜੀ ਤਹਿਤ ਕਲਸਟਰ ਅਫਸਰ, ਨੋਡਲ ਅਫਸਰ ਅਤੇ ਸੁਪਰਵਾਈਜਰ ਕਿਸਾਨਾਂ ਨੂੰ ਅੱਗ ਨਾਂ ਲਗਾ ਕੇ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕਰ ਰਹੇ ਹਨ।ਜਿਹੜੇ ਕਿਸਾਨ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਉਨ੍ਹਾਂ ਵਿਚੋਂ ਲਗਭਗ 72 ਕਿਸਾਨਾਂ ਦੇ ਜ਼ਮੀਨਾ ਦੀਆਂ ਰੈਡ ਇੰਟਰੀਆਂ ਹੋ ਗਈਆਂ ਹਨ ਅਤੇ 2500 ਰੁਪਏ ਤੋਂ ਲੈ ਕੇ 25000 ਰੁਪਏ ਤੱਕ ਦੇ ਚਲਾਨ ਕੱਟੇ ਜਾ ਚੁੱਕੇ ਹਨ।
ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਅਤੇ ਡਾ. ਖੁਸ਼ਵੰਤ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਵੱਲੋਂ ਪਿੰਡ ਰੁਪਈਆਂ ਵਾਲਾ, ਬੁੱਟਰ, ਅਰਾਈਆਂ ਵਾਲਾ ਖੁਰਦ, ਕਾਉਣੀ, ਜਨੇਰੀਆ ਆਦਿ ਪਿੰਡਾਂ ਦਾ ਦੌਰਾ ਕਰਕੇ ਨੁਕੜ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਿਸਾਨਾਂ ਨੂੰ ਲੋੜ ਪੈਣ ਤੇ ਮਹਿਕਮੇ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ ਲਈ ਸੱਦਾ ਦਿਤਾ ਗਿਆ। ਇਸ ਦੌਰੇ ਦੌਰਾਨ ਜਦੋ ਪਿੰਡ ਰੁਪਈਆਂ ਵਾਲਾ ਕੋਲ ਲੰਘ ਰਹੇ ਸੀ ਤਾਂ ਉਥੇ ਇਕ ਕਿਸਾਨ ਜਿਸ ਦਾ ਨਾਮ ਕਾਕਾ ਭਾਊ ਸੀ ਆਪਣੇ ਖੇਤ ਦੀ ਪਰਾਲੀ ਨੂੰ ਅੱਗ ਲਗਾ ਰਿਹਾ ਸੀ, ਜਿਸ ਨੂੰ ਮੌਕੇ ਤੇ ਜਾ ਕੇ ਰੋਕਿਆ ਗਿਆ ਅਤੇ ਉਸ ਦੇ ਨਾਲ ਹੀ ਅੱਗ ਬੁਝਾਉਣ ਵਿੱਚ ਵੀ ਸਹਾਇਤਾ ਕੀਤੀ ਗਈ।
ਉਸ ਕਿਸਾਨ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਮੌਕੇ ਦੇ ਕਲਸਟਰ ਅਫਸਰ ਨੂੰ ਲਿਖ ਦਿਤਾ ਗਿਆ ਹੈ।
ਇਸ ਦੌਰਾਨ ਡਾ. ਗਿੱਲ ਵੱਲੋਂ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਪੁਰਜੋਰ ਹਦਾਇਤ ਕੀਤੀ ਕਿ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ ਕਰਨ ਤਾਂ ਜੋ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ।