ਮੁੱਖ ਮੰਤਰੀ ਆਪਣੀਆਂ ਨਾਕਾਮੀਆਂ ਦਾ ਜਿੰਮਾ ਦੂਜਿਆਂ ਸਿਰ ਪਾਉਣ ਦੀ ਬਜਾਏ ਖ਼ੁਦ ਜਿੰਮੇਵਾਰੀ ਲੈਣ : ਸੁਨੀਲ ਜਾਖੜ
ਚੰਡੀਗੜ੍ਹ, 2 ਸਤੰਬਰ (ਨਿਊਜ 18)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਦੀ ਜ਼ਿੰਮੇਵਾਰੀ ਅਧਿਕਾਰੀਆਂ ਉਪਰ ਪਾਉਣ ਤੇ ਮੁੱਖ ਮੰਤਰੀ ਦੀ ਕਰੜੇ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਕਿਹਾ ਹੈ ਕਿ ਆਪਣੀਆਂ ਨਾਕਾਮੀਆਂ ਦੂਜਿਆਂ ਤੇ ਸੁਟਣ ਨਾਲ ਸਰਕਾਰ ਨਹੀਂ ਚਲਦੀ।
ਇਥੇ ਭਾਜਪਾ ਪੰਜਾਬ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਤੁਰੰਤ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਗਲਤੀ ਮੰਨਕੇ ਪੰਜਾਬੀਆਂ ਤੋਂ ਮਾਫੀ ਮੰਗਣ, ਕਿਉੰਕਿ ਇਸ ਗਲਤੀ ਲਈ ਉਹ ਖੁਦ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਨਾਲ ਪੰਜਾਬ ਸਰਕਾਰ ਦੀ ਬੇਇਜ਼ਤੀ ਹੋਈ ਹੈ, ਆਮ ਆਦਮੀ ਪਾਰਟੀ ਦੀ ਨਹੀਂ।
ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਲਾਵਾਰਿਸ ਛੱਡ ਕੇ ਆਪਣੇ ਬੌਸ ਦੇ ਸਾਰਥੀ ਬਣ ਕੇ ਉਹਨਾਂ ਲਈ ਦੇਸ਼ ਭਰ ਵਿੱਚ ਸਿਆਸੀ ਜ਼ਮੀਨ ਤਿਆਰ ਕਰਨ ਵਿੱਚ ਲੱਗੇ ਹੋਏ ਹਨ। ਮੁੱਖ ਮੰਤਰੀ ਦਾ ਧਿਆਨ ਰਾਸ਼ਟਰੀ ਰਾਜਨੀਤੀ ਵਿੱਚ ਹੈ, ਤਾਂ ਅਜਿਹੇ ਵਿੱਚ ਪੰਜਾਬ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਹੈ, ਜਿਸ ਕਾਰਨ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਕਿਸਦਾ ਸੀ ਤੇ ਕੀ ਇਹ ਫੈਸਲਾ ਕੈਬਨਿਟ ਮੀਟਿੰਗ ਵਿੱਚ ਵਿਚਾਰਿਆ ਗਿਆ ਸੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਦਾ ਸਖਤ ਰੁੱਖ ਵੇਖ ਕੇ ਹੀ ਪੰਜਾਬ ਸਰਕਾਰ ਨੇ ਨਮੋਸ਼ੀ ਤੋਂ ਬਚਣ ਲਈ ਹੀ ਇਹ ਫੈਸਲਾ ਵਾਪਿਸ ਲਿਆ ਹੈ।
ਜਾਖੜ ਨੇ ਸ਼ੰਕਾ ਪ੍ਰਗਟ ਕੀਤੀ ਕਿ ਇਹ ਫੈਸਲਾ ਕਿਤੇ ਦਿੱਲੀ ਤੋਂ ਤਾਂ ਨਈ ਆਇਆ ਸੀ। ਜਾਖੜ ਨੇ ਕਿਹਾ ਕਿ ਇਹ ਝੂਠ ਦੀ ਸਰਕਾਰ ਹੈ ਤੇ ਝੂਠ ਤੇ ਝੂਠ ਬੋਲ ਕੇ ਡੰਗ ਟਪਾ ਰਹੀ ਹੈ। ਇਸ ਮਸਲੇ ਤੇ ਵੀ ਸਰਕਾਰ ਨੇ ਝੂਠ ਹੀ ਬੋਲੇ ਹਨ। ਸਰਕਾਰ ਨੇ ਫੈਸਲਾ ਵਾਪਸ ਨਹੀਂ ਲਿਆ ਸਗੋਂ ਫ਼ੈਸਲਾ ਵਾਪਸ ਲੈਣ ਲਈ ਇਹਨਾਂ ਨੂੰ ਮਜਬੂਰ ਕੀਤਾ ਗਿਆ ਹੈ। ਇਸ ਫ਼ੈਸਲੇ ਨੇ ਸਰਕਾਰ ਦੀ ਕਿਰਕਿਰੀ ਕਰਵਾਈ ਹੈ।